ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : ਇੱਥੋਂ ਦੀ ਭਾਜਪਾ ਇਕਾਈ ਨੇ ਸਰਹਿੰਦ ਸ਼ਹਿਰ 'ਚ ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਸਕੀਮ ਤਹਿਤ ਜਾਅਲੀ ਕਾਰਡ ਬਣਾਉਣ ਦਾ ਦੋਸ਼ ਲਾਇਆ ਹੈ।

ਇਸ ਸਬੰਧੀ ਭਾਜਪਾ ਵੱਲੋਂ ਵੀਰਵਾਰ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਇਕੱਤਰਤਾ ਹਾਲ ਵਿਖੇ ਪੱਤਰਕਾਰ ਸੰਮੇਲਨ ਕੀਤਾ ਗਿਆ ਜਿਸ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਉਕਤ ਸਕੀਮ ਤਹਿਤ ਯੋਗੇਸ਼ ਕੁਮਾਰ ਨੂੰ ਆਈਡੀ ਮਿਲੀ ਸੀ, ਜਿਸ ਨੇ ਅੱਗੇ ਰਮੇਸ਼ ਕੁਮਾਰ ਨੂੰ ਸਬ ਏਜੰਟ ਬਣਾਇਆ। ਇਸ ਆਈਡੀ ਤੋਂ ਸ਼ਹਿਰ ਅੰਦਰ ਸੈਂਕੜੇ ਜਾਅਲੀ ਕਾਰਡ ਬਣਾਏ ਗਏ ਜਿਨ੍ਹਾਂ ਦਾ ਪਰਦਾਫ਼ਾਸ਼ ਉਸ ਸਮੇਂ ਹੋਇਆ ਜਦੋਂ ਸਰਕਾਰੀ ਹਸਪਤਾਲ ਵਿਖੇ ਇਲਾਜ ਕਰਵਾਉਣ ਗਏ ਇਕ ਵਿਅਕਤੀ ਦਾ ਕਾਰਡ ਨਹੀਂ ਚੱਲਿਆ।

ਇਸ ਮਗਰੋਂ ਭਾਜਪਾ ਸਰਹਿੰਦ ਮੰਡਲ ਪ੍ਰਧਾਨ ਮਨੋਜ ਗੁਪਤਾ ਨੇ ਇਸ ਇਲਾਕੇ 'ਚ ਬਣੇ ਸਾਰੇ ਕਾਰਡਾਂ ਦੀ ਪੜਤਾਲ ਕੀਤੀ ਤਾਂ ਇਹ ਜ਼ਿਆਦਾਤਰ ਜਾਅਲੀ ਪਾਏ ਗਏ। ਇਸ ਦੀ ਸ਼ਿਕਾਇਤ ਪਹਿਲਾਂ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਅੰਮਿ੍ਤ ਕੌਰ ਗਿੱਲ ਨੂੰ ਕੀਤੀ ਗਈ। ਇਸ ਦੇ ਨਾਲ ਹੀ ਇਹ ਸ਼ਿਕਾਇਤ ਪ੍ਰਧਾਨ ਮੰਤਰੀ ਦਫ਼ਤਰ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਭੇਜੀ ਗਈ ਹੈ।

ਭਾਜਪਾ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਸਾਰੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇ। ਇਸ ਸਬੰਧੀ ਜਦੋਂ ਯੋਗੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਰਡ ਰਮੇਸ਼ ਕੁਮਾਰ ਵੱਲੋਂ ਭਰੋਸਾ ਜਿੱਤ ਕੇ ਜਾਅਲੀ ਬਣਾਏ ਗਏ ਹਨ ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਕਰ ਦਿੱਤੀ ਹੈ ਜਦਕਿ, ਰਮੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਨਾਂ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕੋਈ ਆਈਡੀ ਨਹੀਂ ਚਲਾਈ ਤੇ ਨਾ ਹੀ ਉਹ ਸਬ ਏਜੰਟ ਬਣੇ। ਜੋ ਲੋਕ ਉਨ੍ਹਾਂ ਦਾ ਨਾਂ ਬਦਨਾਮ ਕਰ ਰਹੇ ਹਨ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕੀਤਾ ਜਾਵੇਗਾ। ਉਧਰ, ਡੀਸੀ ਅੰਮਿ੍ਤ ਕੌਰ ਗਿੱਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਜ਼ਿਲ੍ਹਾ ਮੈਡੀਕਲ ਅਧਿਕਾਰੀ ਡਾ. ਜਗਦੀਸ਼ ਨੂੰ ਸੌਂਪੀ ਗਈ ਹੈ।