ਪੱਤਰ ਪ੍ਰਰੇਰਕ,ਮੰਡੀ ਗੋਬਿੰਦਗੜ੍ਹ : ਲੜਕੀਆਂ ਦੀ ਸੁਰੱਖਿਆ ਅਤੇ ਉਚੇਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੂ ਕੀਤੀ ਗਈ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਕਈ ਖੇਤਰਾਂ ਵਿੱਚ ਲੜਕੀਆਂ ਲੜਕਿਆਂ ਤੋਂ ਵੱਧ ਮੱਲ੍ਹਾਂ ਮਾਰ ਰਹੀਆਂ ਹਨ। ਇਨ੍ਹਾਂ ਵਿੱਚ ਸ਼ਾਮਲ ਹੈ ਸਮਿਕਸ਼ਾ ਢੀਂਗਰਾ ਜੋ ਕਿ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕਰਕੇ ਲੋਕਲ ਚੈਂਪੀਅਨ ਬਣੀ ਹੈ। ਸਮਿਕਸ਼ਾ ਢੀਂਗਰਾ ਪੁੱਤਰੀ ਜਤਿੰਦਰ ਢੀਂਗਰਾ ਅਤੇ ਸੀਮਾ ਢੀਂਗਰਾ ਮੰਡੀ ਗੋਬਿੰਦਗੜ੍ਹ ਦੀ ਰਹਿਣ ਵਾਲੀ ਹੈ ਜੋ ਕਿ 10 ਮੀਟਰ ਏਅਰ ਰਾਈਫਲ ਸ਼ੂਟਰ ਹੈ। ਸਮਿਕਸ਼ਾ ਨੇ ਆਪਣਾ ਸਫਰ ਓਪੀ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ ਤੋਂ ਸ਼ੁਰੂ ਕੀਤਾ। ਜਿਥੇ 2011 ਵਿੱਚ ਉਸ ਦਾ ਰੁਝਾਨ ਸ਼ੂਟਿੰਗ ਦੀ ਖੇਡ ਵੱਲ ਹੋਇਆ। ਸਮਿਕਸ਼ਾ ਨੇ ਕਈ ਜ਼ਿਲ੍ਹਾ ਪੱਧਰੀ, ਰਾਜ ਪੱਧਰੀ ਅਤੇ ਅੰਤਰ ਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ ਜਿਨ੍ਹਾਂ ਵਿੱਚ ਉਸ ਨੇ 34 ਗੋਲਡ ਮੈਡਲ, 15 ਸਿਲਵਰ ਮੈਡਲ ਅਤੇ 13 ਬਰੌਨਜ਼ ਮੈਡਲ ਹਾਸਲ ਕੀਤੇ ਹਨ। ਸਮਿਕਸ਼ਾ ਨੇ 2016 ਵਿੱਚ ਨੌਂਵੀ ਏਸ਼ੀਅਨ ਏਅਰਗਨ ਚੈਂਪੀਅਨਸ਼ਿਪ, ਜੋ ਕਿ ਇਰਾਨ ਵਿੱਚ ਹੋਈ ਸੀ, ਦੇ ਫਾਈਨਲ ਵਿੱਚ ਅੱਠਵਾਂ ਰੈਂਕ ਹਾਸਲ ਕੀਤਾ। ਸਾਲ 2017 ਵਿੱਚ ਇੰਟਰ ਸਕੂਲ ਚੈਂਪੀਅਨਸ਼ਿਪ ਵਿੱਚ ਉਸ ਨੇ ਸਭ ਤੋਂ ਜਿਆਦਾ ਸਕੋਰ ਹਾਸਲ ਕੀਤੇ ਅਤੇ ਅੰਡਰ 19 ਵਿੱਚ ਗੋਲਡ ਮੈਡਲ ਜਿੱਤਿਆ। ਇਸੇ ਸਾਲ ਵਿੱਚ ਹੀ ਉਸ ਨੇ ਜਪਾਨ ਵਿੱਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਦੇ ਅੰਡਰ 21 ਦੇ ਮੁਕਾਬਲਿਆਂ ਵਿੱਚ ਗੋਲਡ ਅਤੇ ਬਰੌਨਜ਼ ਮੈਡਲ ਹਾਸਲ ਕੀਤੇ। 2019 ਵਿੱਚ ਇਸ ਖਿਡਾਰਨ ਨੇ ਇੰਟਰ ਕਾਲਜ਼ ਅਤੇ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਵੀ ਗੋਲਡ ਅਤੇ ਸਿਲਵਰ ਮੈਡਲ ਹਾਸਲ ਕੀਤੇ। ਸਾਲ 2020 ਵਿੱਚ 'ਖੇਲੋ ਇੰਡੀਆ' ਤਹਿਤ ਕਰਵਾਏ ਮੁਕਾਬਲਿਆਂ ਵਿੱਚ ਸਮਿਕਸ਼ਾ ਨੇ ਬਰੌਨਜ਼ ਮੈਡਲ ਹਾਸਲ ਕੀਤਾ। ਸਮਿਕਸ਼ਾ ਵੱਲੋਂ ਕਈ ਸਨਮਾਨ ਹਾਸਲ ਕੀਤੇ ਹਨ ਜਿਨ੍ਹਾਂ ਵਿੱਚ 'ਪਰਾਈਡ ਆਫ ਪੰਜਾਬ' ਦਾ ਅਵਾਰਡ ਇਸ ਗੱਲ ਦਾ ਸਬੂਤ ਹੈ ਕਿ ਲੜਕੀਆਂ ਕਈ ਖੇਤਰਾਂ ਵਿੱਚ ਲੜਕਿਆਂ ਨਾਲੋਂ ਅੱਗੇ ਨਿਕਲ ਗਈਆਂ ਹਨ। ਸਮਿਕਸ਼ਾ ਢੀਂਗਰਾ ਇਸ ਸਮੇਂ ਡੀਏਵੀ ਕਾਲਜ਼ ਚੰਡੀਗੜ੍ਹ ਵਿਖੇ ਬੀਏ (ਇਕਨਾਮਿਕਸ ਆਨਰਜ਼) ਦੀ ਪੜ੍ਹਾਈ ਕਰ ਰਹੀ ਹੈ। ਉਸ ਦਾ ਸੁਪਨਾ ਉਲਪਿੰਕ ਵਿੱਚ ਭਾਗ ਲੈਣ ਦਾ ਹੈ। ਸਮਿਕਸ਼ਾ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ, ਕੋਚ ਅਤੇ ਅਧਿਆਪਕਾਂ ਨੂੰ ਦਿੰਦੀ ਹੈ ਜਿਨ੍ਹਾਂ ਦੀ ਮਿਹਨਤ ਅਤੇ ਸਹੀ ਸੇਧ ਦੇਣ ਸਦਕਾ ਅੱਜ ਉਹ ਇਹ ਪ੍ਰਰਾਪਤੀਆਂ ਕਰ ਸਕੀ ਹੈ। ਉਸ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਆਪਣੀਆਂ ਬੇਟੀਆਂ ਦੇ ਵਿਆਹ ਸ਼ਾਦੀ ਲਈ ਪੈਸੇ ਨਹੀਂ ਜੋੜਨੇ ਚਾਹੀਦੇ ਸਗੋਂ ਆਪਣੀਆਂ ਬੇਟੀਆਂ ਨੂੰ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਉਹ ਵੀ ਬੇਟਿਆਂ ਵਾਂਗ ਆਪਣੇ ਮਾਪਿਆਂ ਦੀ ਸੇਵਾ ਕਰ ਸਕਣ।