ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : ਜੀਟੀ ਰੋਡ ਸਰਹਿੰਦ ਵਿਖੇ ਸਥਿਤ ਬਾਦਸ਼ਾਹ ਚਿਕਨ ਪੁਆਇੰਟ ਨਾਂ ਦੀ ਦੁਕਾਨ ਦੇ ਗੱਲੇ 'ਚੋਂ ਅਣਪਛਾਤੇ ਨੌਜਵਾਨ ਵੱਲੋਂ ਨਕਦੀ ਚੋਰੀ ਕਰ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨ ਦੇ ਮਾਲਕ ਖਾਲਿਦ ਅੰਸਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਦੁਕਾਨ 'ਚ ਮੀਟ ਦੀ ਕਾਫੀ ਸੇਲ ਹੋਈ। ਨਮਾਜ਼ ਅਦਾ ਕਰਨ ਦਾ ਸਮਾਂ ਹੋਣ 'ਤੇ ਉਨ੍ਹਾਂ ਦਾ ਭਰਾ ਅਬਦੁਲ, ਇਕ ਕਾਰੀਗਰ ਇਕ ਕਮਰੇ 'ਚ ਚਲੇ ਗਏ। ਇਸ ਦੌਰਾਨ ਇਕ ਅਣਪਛਾਤਾ ਨੌਜਵਾਨ ਗਾਹਕ ਬਣ ਕੇ ਆਇਆ। ਉਸ ਨੇ ਬਰਿਆਨੀ ਪੈਕ ਕਰਨ ਲਈ ਕਿਹਾ। ਜਦੋਂ ਕਾਊਂਟਰ 'ਤੇ ਮੌਜੂਦ ਉਨ੍ਹਾਂ ਦਾ ਭਾਣਜਾ ਬਰਿਆਨੀ ਪੈਕ ਕਰਨ ਲੱਗਾ ਤਾਂ ਉਕਤ ਨੌਜਵਾਨ ਨੇ ਗੱਲੇ 'ਚ ਪਈ 14 ਹਜ਼ਾਰ ਰੁਪਏ ਦੇ ਕਰੀਬ ਨਕਦੀ ਚੋਰੀ ਕਰ ਲਈ।ਉਨ੍ਹਾਂ ਦੱਸਿਆ ਕਿ ਚੋਰੀ ਦੀ ਸਾਰੀ ਵਾਰਦਾਤ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਅਤੇ ਉਨ੍ਹਾਂ ਚੋਰੀ ਦੀ ਘਟਨਾ ਸਬੰਧੀ ਸਰਹਿੰਦ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।