ਗੁਰਚਰਨ ਸਿੰਘ ਜੰਜੂਆ, ਮੰਡੀ ਗੋਬਿੰਦਗੜ੍ਹ : ਦਿਨ ਦਿਹਾੜੇ ਦੋ ਨੌਜਵਾਨਾਂ ਵੱਲੋਂ ਸਰਵਿਸ ਰੋਡ 'ਤੇ ਸਥਿਤ ਮੋਬਾਈਲ ਸ਼ੋਅ ਰੂਮ ਦਾ ਦਰਵਾਜਾ ਖੋਲ੍ਹ ਕੇ ਪੰਜ ਮੋਬਾਈਲ ਫੋਨ ਅਤੇ ਦੱਸ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ। ਪਨੇਸਰ ਟੈਲੀਕਾਮ ਦੇ ਮਾਲਕ ਜਗਤਾਰ ਸਿੰਘ ਨੇ ਦੱਸਿਆ ਕਿ ਇੰਡੀਅਨ ਬੈਂਕ ਦੇ ਨਜ਼ਦੀਕ ਉਸ ਦੇ ਮੋਬਾਈਲ ਸ਼ੋਅ ਰੂਮ ਤੋਂ ਢਾਈ ਵਜੇ ਜਿਵੇਂ ਹੀ ਵਿਕਾਸ ਨਗਰ ਆਪਣੇ ਘਰ ਉਹ ਖਾਣਾ ਖਾਣ ਲਈ ਗਿਆ ਤਾਂ ਮੋਟਰਸਾਈਕਲ 'ਤੇ ਆਏ ਦੋ ਨੌਜਵਾਨਾਂ ਨੇ ਸ਼ੀਸ਼ੇ ਵਾਲਾ ਦਰਵਾਜਾ ਧੱਕਾ ਮਾਰ ਕੇ ਖੋਲ੍ਹ ਲਿਆ ਅਤੇ ਅੰਦਰ ਦਾਖਲ ਹੋ ਗਏ। ਮੁਲਜ਼ਮਾਂ ਨੇ ਚਾਰ ਨਵੇਂ ਡੱਬਾ ਬੰਦ ਮੋਬਾਈਲ ਫੋਨ ਅਤੇ ਕੁਝ ਪੁਰਾਣੇ ਮੋਬਾਈਲ ਫੋਨਾਂ ਤੋਂ ਇਲਾਵਾ ਗ਼ੱਲੇ ਵਿਚ ਪਏ ਕਰੀਬ ਦੱਸ ਹਜ਼ਾਰ ਰੁਪਏ ਚੋਰੀ ਕਰ ਲਏ ਤੇ ਫਰਾਰ ਹੋ ਗਏ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਪ੍ਰਰੇਮ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਦਾ ਦੌਰਾ ਕੀਤਾ ਹੈ। ਸ਼ੋਅ ਰੂਮ 'ਚ ਮੌਜੂਦ ਸੀਸੀਟੀਵੀ ਦੀ ਫੁਟੇਜ ਵੀ ਹਾਸਲ ਕੀਤੀ ਹੈ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।