ਬਿਕਰਮਜੀਤ ਸਹੋਤਾ,ਫ਼ਤਹਿਗੜ੍ਹ ਸਾਹਿਬ: ਇੰਟਰਨੈਸ਼ਨਲ ਲੋਕ ਗਾਇਕ ਕਲਾਂ ਮੰਚ ਫ਼ਤਹਿਗੜ੍ਹ ਸਾਹਿਬ ਵੱਲੋਂ ਕੋਰੋਨਾ ਮਹਾਮਾਰੀ ਕਰਕੇ ਪਿਛਲੇ ਢਾਈ ਮਹੀਨੇ ਤੋਂ ਵਿਹਲੇ ਬੈਠੇ ਲੋੜਵੰਦ ਕਲਾਕਾਰਾਂ ਅਤੇ ਸਾਜੀਆਂ ਨੂੰ ਤੀਸਰੀ ਵਾਰ ਰਾਸ਼ਨ ਦੀ ਵੰਡ ਕੀਤੀ ਗਈ। ਇਸ ਮੌਕੇ ਪ੍ਰਧਾਨ ਗੁਰਪ੍ਰਰੀਤ ਵਿੱਕੀ ਅਤੇ ਮੀਤ ਪ੍ਰਧਾਨ ਮਹਿੰਦਰ ਮਿੰਦੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਰਕੇ ਸਾਰੇ ਕਾਰੋਬਾਰ ਬੰਦ ਪਏ ਹਨ ਅਤੇ ਕਲਾਕਾਰਾਂ ਦਾ ਕੰਮ ਤਾਂ ਹਾਲੇ ਵੀ ਬੰਦ ਹੈ। ਇਸ ਲਈ ਗ਼ਰੀਬ ਕਲਾਕਾਰ ਅਤੇ ਸਾਜੀ ਬਹੁਤ ਅੌਖੇ ਹਨ। ਉਨ੍ਹਾਂ ਕਿਹਾ ਕਿ ਸਮਾਜ 'ਚ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਸਾਡਾ ਸਭ ਤੋਂ ਪਹਿਲਾ ਫ਼ਰਜ਼ ਹੈ। ਇਹ ਗੱਲ ਸਾਡੇ ਗੁਰੂਆਂ ਪੀਰਾਂ ਵੱਲੋਂ ਵਿਰਾਸਤ 'ਚ ਮਿਲੀ ਹੈ। ਸਾਨੂੰ ਇਕ ਅਜਿਹੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ ਜੋ ਕਿ ਨਸ਼ਿਆਂ, ਭਰੂਣ ਹੱਤਿਆ ਤੇ ਦਾਜ ਦਹੇਜ ਵਰਗੀਆਂ ਲਾਹਨਤਾਂ ਤੋਂ ਮੁਕਤ ਹੋਵੇ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਆਪਣੇ ਫ਼ਰਜ਼ਾਂ ਨੂੰ ਸਮਝਦੇ ਹੋਏ ਦੇਸ਼ ਦੀ ਤਰੱਕੀ ਲਈ ਕੰਮ ਕਰੀਏ। ਉਨ੍ਹਾਂ ਕਿਹਾ ਕਿ ਪ੍ਰਧਾਨ ਹਾਕਮ ਬਖਤੜੀਵਾਲਾ ਵੱਲੋਂ ਪੂਰੇ ਪੰਜਾਬ ਵਿਚ ਇਸ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ। ਇਸ ਮੌਕੇ ਸਰਪ੍ਰਸਤ ਸੰਤ ਸਿੰਘ ਸੋਹਲ, ਸੀਨੀਅਰ ਮੀਤ ਪ੍ਰਧਾਨ ਚੰਦ ਕੋਟਲੇ ਵਾਲਾ, ਖਜਾਨਚੀ ਜਸਵਿੰਦਰ ਬੈਂਸ, ਹਾਕਮ ਮੁੱਲਾਂਪੁਰ, ਚੰਦਨ ਬਘੇਲ, ਨਾਜਰ ਰਹਿਲ ਅਤੇ ਰਾਜੂ ਨਾਹਰ ਆਦਿ ਮੌਜੂਦ ਸਨ।