ਸਟਾਫ਼ ਰਿਪੋਰਟਰ, ਫ਼ਤਹਿਗੜ੍ਹ ਸਾਹਿਬ : ਨਜ਼ਦੀਕੀ ਪਿੰਡ ਸੈਂਪਲਾ ਦੇ ਭਾਰਤ-ਪਾਕਿ ਦੀ 1965 ਦੀ ਜੰਗ ਵਿਚ ਯੋਗਦਾਨ ਪਾਉਣ ਵਾਲੇ ਰਤਨ ਸਿੰਘ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ ਗਈ। ਰਤਨ ਸਿੰਘ ਦੀ ਮੌਤ 'ਤੇ ਪੁਲਿਸ ਦੀ ਟੁਕੜੀ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਤੇ ਪ੍ਰਸ਼ਾਸਨਕ ਅਧਿਕਾਰੀਆਂ ਨੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

ਰਤਨ ਸਿੰਘ ਨੂੰ ਅੰਤਮ ਵਿਦਾਇਗੀ ਦੇਣ ਐੱਸਡੀਐੱਮ ਜਸਪ੍ਰੀਤ ਸਿੰਘ ਤੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਪਹੁੰਚੇ। ਦੱਸਣਯੋਗ ਹੈ ਕਿ ਰਤਨ ਸਿੰਘ ਦਾ ਪੁੱਤਰ ਬਲਵੀਰ ਸਿੰਘ ਫ਼ੌਜ ਵਿਚ ਸੇਵਾ ਕਰਨ ਪਿੱਛੋਂ ਸੇਵਾ ਮੁਕਤ ਹੋ ਚੁੱਕਾ ਹੈ। ਰਤਨ ਸਿੰਘ ਦੇ ਪਰਿਵਾਰ ਨੇ ਮੰਗ ਕੀਤੀ ਕਿ ਰਤਨ ਸਿੰਘ ਦੀ ਯਾਦ 'ਚ ਪਿੰਡ 'ਚ ਯਾਦਗਾਰੀ ਗੇਟ ਬਣਾਇਆ ਜਾਵੇ ਤੇ ਸਕੂਲ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਿਆ ਜਾਵੇ।

ਯਾਦ ਰਹੇ ਪੈਂਹਠ ਦੀ ਜੰਗ ਦੌਰਾਨ ਪਾਕਿਸਤਾਨ 'ਚ ਭਾਰਤੀ ਫ਼ੌਜੀਆਂ ਨੂੰ ਬੰਦੀ ਬਣਾ ਲਿਆ ਸੀ ਤਾਂ ਉਨ੍ਹਾਂ ਵਿਚ ਰਤਨ ਸਿੰਘ ਸ਼ਾਮਲ ਸੀ ਜਿਨ੍ਹਾਂ ਨੂੰ ਲੰਮਾ ਸਮਾਂ ਪਾਕਿਸਤਾਨ 'ਚ ਜੇਲ੍ਹ ਕੱਟਣੀ ਪਈ।

ਭਾਰਤੀ ਫ਼ੌਜ ਕੋਲ ਰਤਨ ਸਿੰਘ ਦਾ ਸੁਰਾਗ ਨਹੀਂ ਸੀ ਜਿਸ ਕਰ ਕੇ ਫ਼ੌਜ ਨੇ ਰਤਨ ਸਿੰਘ ਦੇ ਪਰਿਵਾਰ ਨੂੰ ਉਸ ਦੀ ਮੌਤ ਦਾ ਪੱਤਰ ਭੇਜ ਦਿੱਤਾ ਸੀ ਤੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਸੀ ਤੇ ਪਰਿਵਾਰ ਨੇ ਭੋਗ ਪੁਆ ਦਿੱਤਾ ਸੀ। ਫੇਰ ਕੁਝ ਸਮੇਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਕਰਾਰ ਹੋਇਆ ਤਾਂ ਭਾਰਤੀ ਫ਼ੌਜੀ ਰਿਹਾਅ ਕਰ ਦਿੱਤੇ ਗਏ, ਇਨ੍ਹਾਂ ਵਿਚ ਰਤਨ ਸਿੰਘ ਸ਼ਾਮਲ ਸੀ।