ਪੱਤਰ ਪ੍ਰਰੇਰਕ,ਫ਼ਤਹਿਗੜ੍ਹ ਸਾਹਿਬ : ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਇੰਜੀਨੀਅਰ ਰਸ਼ਪਿੰਦਰ ਸਿੰਘ ਰਾਜਾ ਕਿਸਾਨਾਂ ਦੇ ਹੱਕ 'ਚ ਸ਼ੁਰੂ ਕੀਤੀ ਮੁਹਿੰਮ 'ਕਿਸਾਨ ਵਿਰੋਧੀ ਬਿੱਲ ਪਿੰਡ ਪਿੰਡ ਜਾ ਕੇ ਫੂਕਾਂਗੇ' ਤਹਿਤ ਈਸਰਹੇਲ ਪਹੁੰਚੇ, ਇੱਥੇ ਉਨ੍ਹਾਂ ਪਿੰਡ ਦੇ ਲੋਕਾਂ ਨੂੰ ਮੋਦੀ ਸਰਕਾਰ ਵੱਲੋਂ ਜਬਰਦਸਤੀ ਪਾਸ ਆਰਡੀਨੈਂਸ ਬਿੱਲ ਸਬੰਧੀ ਜਾਗਰੂਕ ਕੀਤਾ। ਰਾਜਾ ਨੇ ਦੱਸਿਆ ਕਿ ਇਹ ਬਿੱਲ ਕਿਸਾਨਾਂ ਦੀ ਭਲਾਈ ਲਈ ਜਾਂ ਕਿਰਸਾਨੀ ਨੂੰ ਉੱਚਾ ਚੁੱਕਣ ਲਈ ਨਹੀਂ ਸਗੋਂ ਪੰਜਾਬ 'ਚ ਭੁੱਖਮਰੀ ਅਤੇ ਬੇਰੁਜ਼ਗਾਰੀ ਨੂੰ ਵਧਾਉਣ ਲਈ ਲਾਗੂ ਕੀਤਾ ਜਾ ਰਿਹਾ ਹੈ, ਇਸ ਕਾਲੇ ਬਿੱਲ ਦੀਆਂ ਸ਼ਰਤਾਂ ਅਨੁਸਾਰ ਨਾ ਤਾਂ ਕਿਸਾਨ ਆਪਣੀ ਮਰਜੀ ਨਾਲ ਫਸਲ ਉਗਾ ਸਕਦਾ ਹੈ ਤੇ ਨਾ ਹੀ ਮੰਡੀਕਰਨ ਕਰ ਸਕਦਾ ਹੈ, ਸਗੋਂ ਪਾਈਵੇਟ ਕੰਪਨੀਆਂ ਅਤੇ ਅਦਾਰੇ ਆਪਣੀ ਮਰਜੀ ਨਾਲ ਰੇਟ ਲਗਾ ਕੇ ਫਸਲ ਚੁੱਕਣਗੇ, ਬਿੱਲ ਦੇ ਲਾਗੂ ਹੋ ਜਾਣ ਤੇ ਸਮੁੱਚੀ ਪੰਜਾਬ ਦੀ ਕਿਰਸਾਨੀ ਖਤਰੇ 'ਚ ਪੈ ਜਾਵੇਗੀ, ਕਿਸਾਨ ਦੇ ਨਾਲ-ਨਾਲ ਆਮ ਆਦਮੀ ਦਾ ਰੋਜਾਨਾ ਜਨ-ਜੀਵਨ ਵੀ ਪ੍ਰਭਾਵਿਤ ਹੋਵੇਗਾ। ਰਾਜਾ ਨੇ ਦੱਸਿਆ ਕਿ ਜੇਕਰ ਇਹ ਬਿੱਲ ਲਾਗੂ ਹੋ ਜਾਂਦਾ ਹੈ ਤਾਂ ਕਿਸਾਨ ਜਿਸ ਨੂੰ ਅੰਨ੍ਹਦਾਤਾ ਕਿਹਾ ਜਾਂਦਾ ਹੈ, ਮੋਦੀ ਵਰਗੇ ਤਾਨਾਸ਼ਾਹੀ ਰਾਜਨੀਤਿਕ ਲੀਡਰ ਦੀ ਮੂਰਖਤਾ ਕਾਰਨ ਭਿਖਾਰੀ ਬਣ ਕੇ ਰਹਿ ਜਾਵੇਗਾ, ਬਿੱਲ ਦੇ ਸਬੰਧ 'ਚ ਰਾਜਾ ਨੇ ਪਿੰਡ ਵਾਸੀਆਂ ਨੂੰ ਹੋਰ ਵੀ ਡੂੰਘੀ ਜਾਣਕਾਰੀ ਦਿੱਤੀ, ਨਾਲ ਹੀ ਇਹ ਕਿਹਾ ਕਿ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਹਰ ਇਕ ਪਿੰਡ 'ਚ ਪੰਚਾਇਤ ਦੀ ਸਹਾਇਤਾ ਨਾਲ ਗਾ੍ਮ ਸਭਾ ਬੁਲਾਈ ਜਾਵੇ, ਬਿੱਲ ਦੇ ਵਿਰੋਧ 'ਚ ਮਤਾ ਪਾਸ ਕੀਤਾ ਜਾਵੇ, ਤਾਂ ਜੋ ਇਸ ਬਿੱਲ ਦਾ ਕਾਨੂੰਨੀ ਕਾਰਵਾਈ ਨਾਲ ਵਿਰੋਧ ਕੀਤਾ ਜਾ ਸਕੇ। ਇਸ ਮੌਕੇ ਇੰਦਰਜੀਤ ਸਿੰਘ, ਰੀਪਨਜਿਤ, ਦਿਲਪ੍ਰਰੀਤ ਸਿੰਘ, ਸੁਖਰਾਜ ਸਿੰਘ, ਅਰਵਿੰਦਰ ਸਿੰਘ, ਲਖਬੀਰ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਆਦਿ ਮੌਜੂਦ ਸਨ।