ਪੱਤਰ ਪ੍ਰਰੇਰਕ,ਅਮਲੋਹ:ਲੋੜਵੰਦਾਂ ਲਈ ਪਿਛਲੀ ਸਰਕਾਰ ਵੱਲੋਂ ਚਲਾਈਆਂ ਲੋਕ ਭਲਾਈ ਯੋਜਨਾਵਾਂ ਜਿਨ੍ਹਾਂ ਨੂੰ ਕੈਪਟਨ ਸਰਕਾਰ ਨੇ ਆਉਣ ਸਾਰ ਬੰਦ ਕਰ ਦਿੱਤਾ ਸੀ, ਨੂੰ ਅਕਾਲੀ ਵਰਕਰ ਤੇ ਆਗੂ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਘਰ ਘਰ ਤਕ ਪਹੁੰਚਾਉਣ ਤਾਂ ਜੋ ਆਮ ਲੋਕਾਂ ਨੂੰ ਕਾਂਗਰਸ ਦੀ ਲੋਕ ਮਾਰੂ ਨੀਤੀ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰਰੀਤ ਸਿੰਘ ਰਾਜੂ ਖੰਨਾ ਨੇ ਪਾਰਟੀ ਦਫਤਰ ਵਿਖੇ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜਿੱਥੇ ਕਾਂਗਰਸ ਸਰਕਾਰ ਵੱਲੋਂ ਆਟਾ ਦਾਲ ਯੋਜਨਾ ਦੇ ਕਾਰਡ ਪੱਖਪਾਤੀ ਰਵੱਈਏ ਨਾਲ ਬਣਾਏ ਗਏ ਹਨ ਤੇ ਅਕਾਲੀ ਦਲ ਨਾਲ ਸਬੰਧਤ ਲੋੜਵੰਦ ਪਰਿਵਾਰਾਂ ਦੇ ਵੱਡੀ ਪੱਧਰ 'ਤੇ ਕੱਟੇ ਗਏ ਹਨ ਉੱਥੇ ਲੋੜਵੰਦਾਂ ਨੂੰ ਨਾ ਤਾਂ 51 ਹਜ਼ਾਰ ਰੁਪਏ ਸ਼ਗਨ ਸਕੀਮ ਮਿਲ ਰਹੀ ਹੈ ਨਾ ਹੀ ਸਹੀ ਸਮੇਂ 'ਤੇ ਬਜ਼ੁਰਗਾਂ ਨੂੰ ਪੈਨਸ਼ਨ ਤੇ ਨਾ ਹੀ ਐੱਸਸੀ ਭਾਈਚਾਰੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਵਜੀਫਾ ਜਾਂ ਸਕਾਲਰਸ਼ਿਪ। ਇਸ ਤੋਂ ਇਲਾਵਾ ਚੋਣਾਂ ਸਮੇਂ ਨੌਜਵਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਘਰ ਘਰ ਨੌਕਰੀ ਤੇ 2500 ਰੁਪਏ ਬੇਰਜ਼ਗਾਰੀ ਭੱਤਾ ਵੀ ਨਹੀਂ ਦਿੱਤਾ ਜਾ ਰਿਹਾ। ਜੇਕਰ ਪੰਜਾਬ 'ਚ ਨਸ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਹਰ ਰੋਜ ਹੀ ਪੰਜਾਬ ਅੰਦਰ ਨਸ਼ੇ ਕਾਰਨ 2 ਦਰਜਨ ਦੇ ਕਰੀਬ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ਹਨ। ਜਦੋਂਕਿ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਇਕ ਹਫਤੇ 'ਚ ਨਸ਼ਾ ਬੰਦ ਕਰਨ ਦੀ ਗੱਲ ਕਰਦੇ ਸਨ। ਉਨ੍ਹਾਂ ਕਿਹਾ ਕਿ ਜੋ ਵਿਕਾਸ ਕਾਰਜ ਮਾੜੇ ਮੋਟੇ ਚੱਲ ਰਹੇ ਹਨ ਉਹ ਸਿਰਫ ਤੇ ਸਿਰਫ ਕੇਂਦਰ ਸਰਕਾਰ ਦੀਆਂ ਗ੍ਾਂਟਾਂ ਸਹਾਰੇ ਹੀ ਚੱਲ ਰਹੇ ਹਨ।