ਸਟਾਫ ਰਿਪੋਰਟਰ,ਫ਼ਤਹਿਗੜ੍ਹ ਸਾਹਿਬ: ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਗਰਮੀ ਕਾਰਨ ਜਿੱਥੇ ਆਮ ਜਨਜੀਵਨ ਪੂਰੀ ਤਰਾਂ੍ਹ ਪ੍ਰਭਾਵਿਤ ਹੋ ਗਿਆ ਸੀ, ਉਥੇ ਹੀ ਹੋਈ ਤੇਜ਼ ਬਾਰਿਸ਼ ਕਾਰਨ ਤਾਪਮਾਨ ਵਿਚ ਗਿਰਾਵਟ ਕਾਰਨ ਮੌਸਮ ਵੀ ਸੁਹਾਵਣਾ ਹੋ ਗਿਆ। ਮੀਂਹ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ। ਇਸ ਨਾਲ ਝੋਨੇ ਦੀ ਕਾਸ਼ਤ ਵਿੱਚ ਤੇਜ਼ੀ ਆਵੇਗੀ। ਵੀਰਵਾਰ ਰਾਤ ਤੇ ਸ਼ੁੱਕਰਵਾਰ ਸਵੇਰ ਤੋਂ ਪੈ ਰਹੀ ਬਾਰਿਸ਼ ਕਾਰਨ ਮੁੱਖ ਸੜਕਾਂ, ਲੋਕਾਂ ਦੇ ਘਰਾਂ, ਸ਼ਹਿਰੀ ਖੇਤਰਾਂ 'ਚ ਕਈ ਥਾਵਾਂ 'ਤੇ ਪਾਣੀ ਭਰ ਗਿਆ। ਜਿਸ ਕਾਰਨ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਸ਼ਹਿਰ ਦੀਆਂ ਗਲੀਆਂ ਵਿੱਚ ਪੁੱਟ ਕੇ ਸੀਵਰੇਜ ਵੀ ਪਾਇਆ ਗਿਆ ਸੀ ਪਰ ਉਹ ਵੀ ਕੰਮ ਨਹੀਂ ਹੋਇਆ। ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ, ਸੜਕਾਂ 'ਤੇ ਕਈ ਥਾਵਾਂ 'ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਪਾਣੀ 'ਚ ਡੁੱਬ ਗਈਆਂ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਕਹਿ ਚੁੱਕੇ ਹਨ ਪਰ ਉਨਾਂ੍ਹ ਦੀ ਸੜਕ 'ਤੇ ਪਾਣੀ ਭਰਨ ਦੀ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਨਿਕਲਿਆ।

-----------------

ਸਰਕਾਰ ਨੇ ਪ੍ਰਬੰਧਾਂ ਵੱਲ ਨਹੀਂ ਦਿੱਤਾ ਧਿਆਨ : ਵਿਧਾਇਕ

ਆਮ ਆਦਮੀ ਪਾਰਟੀ ਦੇ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਨੇ ਕਿਹਾ ਕਿ ਜੇਕਰ ਪਿਛਲੀ ਸਰਕਾਰ ਨੇ ਇਸ ਪਾਸੇ ਜ਼ਿਆਦਾ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਬਰਸਾਤ ਦਾ ਪਾਣੀ ਸੜਕਾਂ 'ਤੇ ਨਾ ਖੜ੍ਹਾ ਹੁੰਦਾ ਅਤੇ ਲੋਕਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ। 'ਆਪ' ਦੀ ਸਰਕਾਰ ਬਣੀ ਨੂੰ ਕੁਝ ਮਹੀਨੇ ਹੀ ਹੋਏ ਹਨ ਅਤੇ ਸ਼ਹਿਰ 'ਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਜਲਦ ਹੱਲ ਕਰ ਲਿਆ ਜਾਵੇਗਾ ਅਤੇ ਲੋਕਾਂ ਨੂੰ ਕੋਈ ਪੇ੍ਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।