ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ :

ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਪਹਿਲੇ ਦਿਨ ਸ਼ੁਰੂ ਹੋਈਆਂ ਰੇਲ ਗੱਡੀਆਂ ਵਿਚ ਸਰਹਿੰਦ ਰੇਲਵੇ ਸਟੇਸ਼ਨ 'ਤੇ ਦੋ ਯਾਤਰੀ ਐਕਸਪ੍ਰਰੈੱਸ ਗੱਡੀਆਂ ਰੁਕੀਆਂ ਜਦਕਿ ਦੋ ਦਰਜਨ ਦੇ ਕਰੀਬ ਮਾਲ ਗੱਡੀਆਂ ਇੱਧਰੋਂ ਓਧਰ ਗਈਆਂ। ਰੇਲਵੇ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇੰਦੌਰ ਤੋਂ ਜੰਮੂ ਤਵੀ ਜਾਣ ਵਾਲੀ ਮਾਲਵਾ ਐਕਸਪ੍ਰਰੈੱਸ ਤੇ ਧਨਬਾਦ ਤੋਂ ਫਿਰੋਜ਼ਪੁਰ ਜਾਣ ਵਾਲੀ ਕਿਸਾਨ ਐਕਸਪ੍ਰਰੈਸ ਗੱਡੀ ਸਰਹਿੰਦ ਸਟੇਸ਼ਨ 'ਤੇ ਰੁਕੀ। ਇਸ 'ਚ ਉਹ ਯਾਤਰੀ ਹੀ ਯਾਤਰਾ ਕਰ ਸਕੇ ਜਿਨ੍ਹਾਂ ਪਹਿਲਾਂ ਤੋਂ ਆਪਣੀਆਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਸਨ। ਇਸ ਤੋਂ ਇਲਾਵਾ ਸਟੇਸ਼ਨ ਤੋਂ ਕਰੀਬ ਦੋ ਦਰਜਨ ਮਾਲ ਗੱਡੀਆਂ ਅੰਬਾਲਾ ਤੋਂ ਲੁਧਿਆਣਾ ਅਤੇ ਲੁਧਿਆਣਾ ਤੋਂ ਅੰਬਾਲਾ ਲਈ ਲੰਘੀਆਂ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਫ਼ਤਹਿਗੜ੍ਹ ਸਾਹਿਬ ਤੋਂ ਨੰਗਲ ਤੋਂ ਅੰਬਾਲਾ ਅਤੇ ਅੰਬਾਲਾ ਤੋਂ ਨੰਗਲ ਵਾਲੀਆਂ ਮਾਲ ਗੱਡੀਆਂ ਹੀ ਲੰਘੀਆਂ ਜਦਕਿ ਕੋਈ ਵੀ ਯਾਤਰੀ ਗੱਡੀ ਨਹੀਂ ਆਈ। ਗੱਡੀਆਂ ਦੀ ਆਮਦ ਨੂੰ ਲੈ ਕੇ ਰੇਲਵੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਰਹੀ ਜੋ ਹਰ ਗੱਡੀ ਦੇ ਆਉਣ ਤੋਂ ਪਹਿਲਾਂ ਰੇਲਵੇ ਟਰੈਕਾਂ ਦੀ ਚੈਕਿੰਗ ਕਰਦੀ ਰਹੀ।