ਸਟਾਫ਼ ਰਿਪੋਰਟਰ, ਫ਼ਤਹਿਗੜ੍ਹ ਸਾਹਿਬ : ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਰਿਆਣਾ ਭਾਜਪਾ ਦੇ ਪ੍ਰਧਾਨ ਓਪੀ ਧਨਖੜ ਨੂੰ ਕਿਸਾਨਾਂ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਇਤਿਹਾਸ ਦੇਖ ਲੈਣਾ ਚਾਹੀਦਾ ਹੈ ਕਿ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਇਸ ਲਈ ਭਾਜਪਾ ਨੂੰ ਕਿਸੇ ਭਰਮ 'ਚ ਨਹੀਂ ਰਹਿਣਾ ਚਾਹੀਦਾ। ਸ. ਰੰਧਾਵਾ ਫ਼ਤਹਿਗੜ੍ਹ ਸਾਹਿਬ ਵਿਖੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਵੱਲੋਂ ਰਾਜ ਦੀਆਂ 75 ਪੀਏਡੀ ਬੀਜ ਵੱਲੋਂ ਕਰਜ਼ਾ ਵੰਡ ਸਮਾਗਮ 'ਚ ਪੁੱਜੇ ਸਨ। ਇਸ ਦੌਰਾਨ ਉਨ੍ਹਾਂ 204 ਲਾਭਪਾਤਰੀਆਂ ਨੂੰ ਕਰੀਬ 11 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ 9 ਕਰੋੜ ਰੁਪਏ ਦੇ ਚੈੱਕ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਕਿਹਾ ਕਿ ਪੇਂਡੂ ਆਰਥਿਕਤਾ ਅਤੇ ਖੁਸ਼ਹਾਲੀ ਵਿਚ ਸਹਿਕਾਰਤਾ ਵਿਭਾਗ ਅਤੇ ਸਹਿਕਾਰੀ ਅਦਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਸ. ਰੰਧਾਵਾ ਨੇ ਕਿਹਾ ਕਿ ਜਲਿ੍ਹਆਂਵਾਲੇ ਬਾਗ਼ ਦਾ ਨਵੀਨੀਕਰਨ ਤੋਂ ਬਾਅਦ ਉਥੇ ਟਿਕਟ ਲਗਾਉਣਾ ਇਤਿਹਾਸ ਨੂੰ ਨੌਜਵਾਨੀ ਤੋਂ ਦੂਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜਲਿ੍ਹਆਂਵਾਲੇ ਬਾਗ ਦੀ ਟਿਕਟ ਲਗਾਉਣ ਦੀ ਬਜਾਏ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਹੀਦਾਂ ਵਲੋਂ ਦਿੱਤੀਆਂ ਕੁਰਬਾਨੀਆਂ ਨੂੰ ਜਾਣਕਾਰੀ ਦੇਣ ਲਈ ਦਿਖਾਉਣਾ ਚਾਹੀਦਾ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ 'ਤੇ ਧੱਕੇ ਨਾਲ ਕਾਲੇ ਕਾਨੂੰਨ ਥੋਪਣੇ ਨਹੀਂ ਚਾਹੀਦੇ ਕਿਉਂਕਿ ਜੇਕਰ ਕਿਸਾਨਾਂ ਨੂੰ ਕਾਨੂੰਨਾਂ ਦੀ ਲੋੜ ਨਹੀਂ ਤਾਂ ਕੇਂਦਰ ਸਰਕਾਰ ਨੂੰ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਸ. ਰੰਧਾਵਾ ਨੇ ਕਿਹਾ ਗਿਆ ਕਿ 2018 ਵਿਚ ਉਨ੍ਹਾਂ ਨੇ ਸਹਿਕਾਰਤਾ ਵਿਭਾਗ ਦਾ ਕੰਮਕਾਜ ਸੰਭਾਲਿਆ ਅਤੇ ਉਨਾਂ੍ਹ ਦਾ ਮੁੱਖ ਉਦੇਸ਼ ਸਾਰੀਆਂ ਸਹਿਕਾਰੀ ਸੰਸਥਾਵਾਂ ਨੂੰ ਤਰੱਕੀ ਦੇ ਰਾਹ 'ਤੇ ਲਿਜਾਣਾ ਹੈ। ਉਸ ਸਮੇਂ ਬੈਂਕ ਦੇ ਸਿਰ ਵੱਖ-ਵੱਖ ਵਿੱਤੀ ਸੰਸਥਾਵਾਂ ਦਾ ਕਰੀਬ 400 ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਸ. ਜੋ ਬਹੁਤ ਮਹਿੰਗੀਆਂ ਵਿਆਜ ਦਰਾਂ 'ਤੇ ਸੀ। ਪੀਏਡੀ ਬੀਜ਼ ਕੋਲ ਨਵਾਂ ਕਰਜ਼ਾ ਵੰਡਣ ਲਈ ਫੰਡ ਵੀ ਨਹੀਂ ਸੀ। ਉਨ੍ਹਾਂ ਨਵੰਬਰ 2020 ਵਿਚ ਚੇਅਰਮੈਨ ਨਾਬਾਰਡ ਡਾ. ਜੀਆਰ ਚਿੰਤਲਾ ਨਾਲ ਮੁੰਬਈ ਜਾ ਕੇ ਮੁਲਾਕਾਤ ਕੀਤੀ ਅਤੇ ਬੈਂਕ ਦੀ ਮਦਦ ਕਰਨ ਲਈ ਬੇਨਤੀ ਕੀਤੀ। ਨਾਬਾਰਡ ਵੱਲੋਂ ਇਸ ਬੈਂਕ ਨੂੰ ਨਵੰਬਰ 2020 ਵਿਚ ਹੀ 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਸਸਤੀ ਵਿਆਜ ਦਰ ਤੋਂ ਮਨਜ਼ੂਰ ਕਰ ਦਿੱਤੀ ਗਈ,ਜਿਸ 'ਚੋਂ ਬੈਂਕ ਨੇ 400 ਕਰੋੜ ਰੁਪਏ ਨਾਲ ਆਪਣੇ ਮਹਿੰਗੇ ਕਰਜ਼ੇ ਮੋੜ ਦਿੱਤੇ ਅਤੇ 100 ਕਰੋੜ ਰੁਪਏ ਕਰਜ਼ਾ ਵੰਡਣ ਲਈ ਪੀਏਡੀ ਬੀਜ਼ ਨੂੰ ਉਪਲਬਧ ਕਰਵਾਏ।

ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਕਰਜ਼ਾ ਮੁਆਫ਼ੀ ਸਬੰਧੀ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਿਹਨਤ ਤੇ ਲਗਨ ਨਾਲ ਕੰਮ ਕੀਤਾ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ,ਮਹਿਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੀਲਮ ਰਾਣੀ,ਦਵਿੰਦਰ ਸਿੰਘ ਜੱਲ੍ਹਾ, ਪਰਮਵੀਰ ਸਿੰਘ ਟਿਵਾਣਾ, ਚੇਅਰਮੈਨ ਸੁਰਿੰਦਰ ਸਿੰਘ ਰਾਮਗੜ੍ਹ, ਰਣਧੀਰ ਸਿੰਘ ਧੀਰਾ, ਸਾਧਾ ਸਿੰਘ ਗਿੱਲ, ਅਵਤਾਰ ਸਿੰਘ ਤਾਰੀ ਤੋਂ ਇਲਾਵਾ ਵਿਭਾਗ ਦੇ ਉੱਚ ਅਧਿਕਾਰੀ ਤੇ ਕਿਸਾਨ ਮੌਜੂਦ ਸਨ।

ਫੋਟੋ ਕੈਪਸ਼ਨ:ਲਾਭਪਾਤਰੀਆਂ ਨੂੰ ਚੈੱਕ ਦਿੰਦੇ ਹੋਏ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ।