ਕੇਵਲ ਸਿੰਘ,ਅਮਲੋਹ

ਖੇਤੀ ਬਿੱਲਾਂ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਅਮਲੋਹ ਵਿੱਚ ਭਰਵਾਂ ਹੁੰਗਾਰਾ ਮਿਲਿਆ ਅਤੇ ਖੇਤੀ ਆਰਡੀਨੈਂਸ ਦੇ ਖ਼ਿਲਾਫ਼ ਭਾਰੀ ਰੋਸ ਪ੍ਰਗਟਾਇਆ ਗਿਆ। ਰੋਸ ਪ੍ਰਦਰਸ਼ਨ 'ਚ ਜਿੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਸ਼ਾਮਲ ਹੋਈਆਂ ਉਥੇ ਹੀ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਅਕਾਲੀ ਦਲ ਅੰਮਿ੍ਤਸਰ , ਬਹੁਜਨ ਸਮਾਜ ਪਾਰਟੀ ਦੇ ਆਗੂਆਂ, ਆੜ੍ਹਤੀ ਐਸੋਸੀਏਸ਼ਨ, ਵੱਖ-ਵੱਖ ਕਲੱਬਾਂ ਦੇ ਮੈਂਬਰ ਤੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤਾ ਗਿਆ ਖੇਤੀ ਬਿੱਲ ਕਿਸਾਨੀ ਦੇ ਹੱਕ 'ਚ ਨਹੀਂ ਹੈ ਅਤੇ ਇਹ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਵਾਲਾ ਬਿੱਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਿਹਾ ਅਤੇ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਕਿਸਾਨਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ ਜਿਹੜਾ ਬਰਦਾਸ਼ਤਯੋਗ ਨਹੀਂ ਹੈ। ਇਸ ਮੌਕੇ ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਆਮ ਆਦਮੀ ਪਾਰਟੀ ਦੇ ਆਗੂ ਦਰਸ਼ਨ ਸਿੰਘ ਚੀਮਾ, ਆੜ੍ਹਤੀ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਜਗਵਿੰਦਰ ਸਿੰਘ ਰੈਹਿਲ, ਅਕਾਲੀ ਦਲ (ਅ) ਦੇ ਆਗੂ ਲਖਵੀਰ ਸਿੰਘ ਖਾਲਸਾ, ਪ੍ਰਧਾਨ ਅਮਰਜੀਤ ਸਿੰਘ ਮੁੱਢੜੀਆਂ, ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੰਗਾ ਪੁਰੀ, ਬਸਪਾ ਆਗੂ ਹੰਸਰਾਜ ਮਾਹੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਬਿੱਲ ਨਾਲ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਅਤੇ ਇਸਦਾ ਲਾਭ ਮੋਦੀ ਸਰਕਾਰ ਦੇ ਨਜਦੀਕੀ ਉਦਯੋਗਪਤੀ ਇਸਦਾ ਲਾਭ ਲੈ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਬਿੱਲ ਨੂੰ ਰੱਦ ਕਰਵਾਊਣ ਲਈ ਜੋ ਵੀ ਕਰਨਾ ਪਿਆ ਕਰਾਂਗੇ। ਸ਼ੁੱਕਰਵਾਰ ਨੂੰ ਅਮਲੋਹ ਦੇ ਦੁਕਾਨਕਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਸਹਿਯੋਗ ਦਿੱਤਾ ਉਥੇ ਹੀ ਮੈਡੀਕਲ ਸਹੂਲਤਾਂ ਬਹਾਲ ਰੱਖਣ ਲਈ ਮੈਡੀਕਲ ਖੁੱਲੇ੍ਹ ਰਹੇ। ਇਸ ਮੌਕੇ ਵੱਡੀ ਗਿਣਤੀ ਕਿਸਾਨ ਅਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।