ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਦੇਰ ਰਾਤ ਸਰਹਿੰਦ-ਪਟਿਆਲਾ ਮਾਰਗ 'ਤੇ ਪੈਂਦੇ ਪਿੰਡ ਮਾਲਾਹੇੜੀ ਵਿਖੇ ਪਿੰਡ ਚਣੋਂ, ਮਾਲਾਹੇੜੀ ਤੇ ਗੁਣੀਆਂ ਮਾਜਰਾ ਦੇ ਲੋਕਾਂ ਵੱਲੋਂ ਲਗਾਤਾਰ ਤਿੰਨ ਦਿਨਾਂ ਤੋਂ ਘਰਾਂ ਦੀ ਬਿਜਲੀ ਨਾ ਆਉਣ ਕਾਰਨ ਤੇ ਲਗਾਏ ਜਾਂਦੇ ਅਣਐਲਾਨੇ ਕੱਟਾਂ ਤੋਂ ਪ੍ਰਰੇਸ਼ਾਨ ਹੋ ਕੇ ਸਰਹਿੰਦ-ਪਟਿਆਲਾ ਮਾਰਗ ਨੂੰ ਜਾਮ ਕਰਕੇ ਰੋਸ ਪ੍ਰਗਟਾਇਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ 24 ਘੰਟਿਆਂ 'ਚੋਂ ਸਿਰਫ ਦੋ-ਤਿੰਨ ਘੰਟੇ ਹੀ ਘਰਾਂ ਦੀ ਬਿਜਲੀ ਆਉਂਦੀ ਹੈ ਅਤੇ ਜਦੋਂ ਸਥਾਨਕ ਲੋਕ ਬਿਜਲੀ ਬੋਰਡ ਦਫ਼ਤਰ ਵਿਖੇ ਰਾਤ ਸਮੇਂ ਟੈਲੀਫੋਨ ਰਾਹੀਂ ਬਿਜਲੀ ਨਾ ਆਉਣ ਦੀ ਜਾਣਕਾਰੀ ਮੰਗਦੇ ਹਨ ਤਾਂ ਬਿਜਲੀ ਕਰਮਚਾਰੀਆਂ ਵੱਲੋਂ ਫੋਨ ਨਹੀਂ ਚੁੱਕਿਆ ਜਾਂਦਾ ਅਤੇ ਕਈ ਵਾਰ ਤਾਂ ਟੈਲੀਫੋਨ ਨੰਬਰ ਲੱਗਦਾ ਹੀ ਨਹੀਂ। ਥਾਣਾ ਮੂਲੇਪੁਰ ਮੁਖੀ ਮਨਪ੍ਰਰੀਤ ਸਿੰਘ ਦਿਓਲ ਨੇ ਮੌਕੇ 'ਤੇ ਪਹੁੰਚਕੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ ਅਤੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਫੋਨ 'ਤੇ ਗੱਲਬਾਤ ਕਰਕੇ ਬਿਜਲੀ ਆਉਣ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ ਅਤੇ ਆਵਾਜਾਈ ਨੂੰ ਬਹਾਲ ਕੀਤਾ।