ਲਖਵੀਰ ਸਿੰਘ, ਮੰਡੀ ਗੋਬਿੰਦਗੜ੍ਹ : ਪਿੰਡ ਬਡਗੁੱਜਰਾਂ ਦੇ ਸਰਪੰਚ ਬਲਕਾਰ ਸਿੰਘ ਦੀ ਮੌਤ ਤੋਂ ਬਾਅਦ ਅੱਜ ਪੰਚਾਇਤ ਯੂਨੀਅਨ ਦੇ ਸੱਦੇ 'ਤੇ ਇਲਾਕੇ ਦੇ ਪੰਚ-ਸਰਪੰਚ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਲੋਕਾਂ ਨੇ ਮੰਡੀ ਗੋਬਿੰਦਗੜ੍ਹ ਦੇ ਮੁੱਖ ਚੌਕ 'ਚ 4 ਘੰਟੇ ਰੋਸਮਈ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰ ਕੇ ਗਿ੍ਫ਼ਤਾਰ ਕਰਨ, ਪਰਿਵਾਰ ਨੂੰ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਇਸ ਮੌਕੇ ਪੰਜਾਬ ਸਰਕਾਰ ਅਤੇ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਖਿਲਾਫ਼ ਪ੍ਰਦਰਸ਼ਨਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸਰਪੰਚ ਦੀ ਮੌਤ ਖ਼ੁਦਕੁਸ਼ੀ ਨਹੀਂ, ਸਗੋਂ ਉਸ ਨੂੰ ਕਤਲ ਕਰ ਕੇ ਰੇਲਵੇ ਲਾਈਨ 'ਤੇ ਸੁੱਟਿਆ ਗਿਆ ਹੈ। ਪੱਤਰਕਾਰਾਂ ਵੱਲੋ ਸੰਪਰਕ ਕਰਨ 'ਤੇ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਇਸ ਮੁੱਦੇ 'ਤੇ ਕੁਝ ਸਿਆਸੀ ਪਾਰਟੀਆਂ ਆਪਣੀਆਂ ਰੋਟੀਆਂ ਸੇਕ ਰਹੀਆਂ ਹਨ।

ਧਰਨੇ ਨੂੰ ਪੰਚਾਇਤ ਯੂਨੀਅਨ ਦੇ ਸੂਬਾ ਪ੍ਰਧਾਨ ਰਵਿੰਦਰ ਰਿੰਕੂ ਗੁਰਨੇ, ਮਾਲਵਾ ਜ਼ੋਨ ਦੇ ਪ੍ਰਧਾਨ ਜਸਵੀਰ ਸਿੰਘ ਲੋਂਗੋਵਾਲੀਆ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਧਨੌਰੀ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਸਵੀਰ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ, ਬਲਾਕ ਅਮਲੋਹ ਦੇ ਪ੍ਰਧਾਨ ਹਰਪ੍ਰਰੀਤ ਸਿੰਘ ਗੁਰਧਨਪੁਰ, ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਰਪੰਚ ਸਲਾਣਾ, ਮੰਡੀ ਗੋਬਿੰਦਗੜ੍ਹ ਬਲਾਕ ਦੇ ਪ੍ਰਧਾਨ ਸੰਜੀਵ ਦੱਤਾ, ਡਾ. ਜੋਗਿੰਦਰ ਸਿੰਘ ਮੈਣੀ, ਕੌਂਸਲਰ ਰਾਜਿੰਦਰ ਬਿੱਟੂ, ਮਨਪ੍ਰਰੀਤ ਸਿੰਘ ਮਿੰਟਾ, ਸੰਮਤੀ ਮੈਂਬਰ ਜਗਨ ਨਾਥ ਪੱਪੂ, ਗੁਰਿੰਦਰਪਾਲ ਹੈਪੀ, ਭਾਜਪਾ ਦੇ ਸੂਬਾਈ ਆਗੂ ਇੰਜ. ਕੰਵਰਵੀਰ ਸਿੰਘ ਟੌਹੜਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਗੁਪਤਾ, ਜਗਵੀਰ ਸਿੰਘ ਸਰਪੰਚ ਬਡਾਲੀ, ਪ੍ਰਗਟ ਸਿੰਘ ਸਰਪੰਚ ਝੰਬਾਲਾ, ਕੁਲਵਿੰਦਰ ਕੌਰ ਸਰਪੰਚ ਲਾਡਪੁਰ, ਅਮੋਲਕ ਸਿੰਘ ਸਰਪੰਚ ਕੰਜਾਰੀ, ਜਗਜੀਤ ਸਿੰਘ ਦੀਸ਼ਾ ਸੌਂਟੀ, ਹਰਨੈਲ ਸਿੰਘ ਸਰਪੰਚ ਰਾਮਗੜ੍ਹ, ਰਣਧੀਰ ਸਿੰਘ ਸਰਪੰਚ ਮਾਨਗੜ੍ਹ, ਹਰਜਿੰਦਰ ਸਿੰਘ ਟਿੰਕਾ ਸਰਪੰਚ ਰੁੜਕੀ, ਰਾਜਿੰਦਰ ਸਿੰਘ ਟਿੱਬੀ, ਨਿਰਮਲ ਸਿੰਘ ਤੰਦਾਂ ਬੱਧਾ ਆਦਿ ਨੇ ਸੰਬੋਧਨ ਕੀਤਾ।

ਧਰਨਕਾਰੀਆਂ ਨੂੰ ਸ਼ਾਂਤ ਕਰਨ ਲਈ ਡੀਐੱਸਪੀ ਫ਼ਤਹਿਗੜ੍ਹ ਸਾਹਿਬ ਗੁਰਬੰਸ ਸਿੰਘ ਬੈਂਸ ਅਤੇ ਅਮਲੋਹ ਦੇ ਜੰਗਜੀਤ ਸਿੰਘ ਰੰਧਾਵਾ, ਨਾਇਬ ਤਹਿਸੀਲਦਾਰ ਹਰਨੇਕ ਸਿੰਘ ਆਦਿ ਨੇ ਯਤਨ ਕੀਤਾ ਪਰ ਧਰਨਾਕਾਰੀਆਂ ਦੇ ਬਜਿੱਦ ਰਹਿਣ ਕਾਰਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਤਹਿਗੜ੍ਹ ਸਾਹਿਬ ਦਿਨੇਸ਼ ਵਸ਼ਿਸ਼ਟ ਨੂੰ ਮੌਕੇ ਉਤੇ ਆਉਣਾ ਪਿਆ। ਉਨ੍ਹਾਂ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਸਬੰਧਤ ਪੰਚਾਇਤ ਅਫ਼ਸਰ ਨੂੰ ਮੁਅੱਤਲ ਕਰਨ ਦਾ ਐਲਾਨ ਕਰਦਿਆਂ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਜਾਂਚ ਪੜਤਾਲ ਕਰਵਾ ਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਮੁਲਜ਼ਮਾਂ ਨੂੰ 2 ਦਿਨ ਵਿਚ ਗਿ੍ਫ਼ਤਾਰ ਕਰਵਾਉਣ ਦਾ ਭਰੋਸਾ ਦਿੱਤਾ।

ਇਸ ਮੌਕੇ ਪੰਚਾਇਤ ਯੂਨੀਅਨ ਨੇ ਐਲਾਨ ਕੀਤਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਪੰਜਾਬ ਭਰ ਦੇ ਸਮੂਹ ਪੰਚ-ਸਰਪੰਚ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨਗੇ। ਵਰਣਨਯੋਗ ਹੈ ਕਿ ਰੇਲਵੇ ਪੁਲਿਸ ਖੰਨਾ ਨੇ ਇਸ ਮਾਮਲੇ ਸਬੰਧੀ 11 ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਮੌਕੇ ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁਖੀ ਅਕਾਸ਼ ਦੱਤ ਅਤੇ ਥਾਣਾ ਅਮਲੋਹ ਦੇ ਮੁਖੀ ਵਿਨੋਦ ਕੁਮਾਰ ਨੇ ਵੀ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ।

ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਹਲਕਾ ਅਮਲੋਹ ਲਈ ਬਹੁਤ ਦੁਖਦਾਈ ਘਟਨਾ ਵਾਪਰੀ ਹੈ। ਮਿ੍ਤਕ ਦੇ ਪਰਿਵਾਰਕ ਮੈਂਬਰ ਬਿਆਨ ਦੇ ਵਿਚ ਪਿੰਡ ਦੇ ਹੀ ਕੁਝ ਵਿਅਕਤੀਆਂ 'ਤੇ ਦੋਸ਼ ਲਾ ਰਹੇ ਹਨ ਕਿ ਉਨ੍ਹਾਂ ਵੱਲੋਂ ਸਰਪੰਚ ਨੂੰ ਕਥਿਤ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਕਰ ਕੇ ਸਰਪੰਚ ਬਲਕਾਰ ਸਿੰਘ ਵੱਲੋਂ ਆਤਮ ਹੱਤਿਆ ਕਰ ਲਈ ਗਈ ਪਰ ਕੁਝ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ 'ਆਪ' ਪਾਰਟੀ 'ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਜਦੋਂ ਕਿ ਇਸ ਘਟਨਾ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਖੰਨਾ ਦੀ ਰੇਲਵੇ ਪੁਲਿਸ ਦੇ ਕੋਲ ਹੈ ਪਰ ਪਰਿਵਾਰ ਵੱਲੋਂ ਮੰਡੀ ਗੋਬਿੰਦਗੜ੍ਹ ਥਾਣੇ ਵਿਚ ਸਰਪੰਚ ਬਲਕਾਰ ਸਿੰਘ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਹੈ। ਇਸ ਘਟਨਾ ਬਾਰੇ ਐੱਸਐੱਸਪੀ ਫਤਿਹਗੜ੍ਹ ਸਾਹਿਬ ਨਾਲ ਗੱਲ ਹੋਈ ਹੈ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ।