ਪੱਤਰ ਪੇ੍ਰਰਕ, ਫ਼ਤਹਿਗੜ੍ਹ ਸਾਹਿਬ : ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ 'ਤੇ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਲੋਕਲ ਯੂਨਿਟ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਧਰਨਾ ਲਾਇਆ ਗਿਆ। ਪੀਸੀਸੀਟੀਯੂ ਤੇ ਉਚੇਰੀ ਸਿੱਖਿਆ ਦੀਆਂ ਹੋਰ ਅਧਿਆਪਕ ਜਥੇਬੰਦੀਆਂ ਵੱਲੋਂ ਸੱਤਵੇਂ ਪੇ ਕਮਿਸ਼ਨ ਅਨੁਸਾਰ ਯੂਜੀਸੀ ਪੇ ਸਕੇਲ ਲਾਉਣ ਤੇ ਪੇ ਸਕੇਲਾਂ ਨੂੰ ਯੂਜੀਸੀ ਨਾਲੋਂ ਡੀ ਿਲੰਕ ਕਰਨ ਦੇ ਫ਼ੈਸਲੇ ਨੂੰ ਵਾਪਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਪੀਸੀਸੀਟੀਯੂ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਪ੍ਰਧਾਨ ਡਾ. ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਅਧਿਆਪਕਾਂ ਵੱਲੋਂ 30 ਨਵੰਬਰ 2021 ਨੂੰ ਚੰਡੀਗੜ੍ਹ ਵਿਖੇ ਵੱਡੀ ਰੈਲੀ ਕੀਤੀ ਗਈ ਅਤੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਵੱਲੋਂ ਗਿ੍ਫਤਾਰੀਆਂ ਵੀ ਦਿੱਤੀਆਂ ਗਈਆਂ।

ਮਾਤਾ ਗੁਜਰੀ ਕਾਲਜ ਦੇ ਲੋਕਲ ਯੂਨਿਟ ਦੇ ਪ੍ਰਧਾਨ ਡਾ. ਰਾਸ਼ਿਦ ਰਸ਼ੀਦ ਨੇ ਕਿਹਾ ਕਿ ਸਰਕਾਰ ਉਚੇਰੀ ਸਿੱਖਿਆ ਨੂੰ ਬਰਬਾਦ ਕਰਨ 'ਤੇ ਤੁਲੀ ਹੋਈ ਹੈ ਅਤੇ ਕੇਵਲ ਪੰਜਾਬ ਹੀ ਅਜਿਹਾ ਸੂਬਾ ਰਹਿ ਗਿਆ ਹੈ ਜਿੱਥੇ ਉਚੇਰੀ ਸਿੱਖਿਆ ਨਾਲ ਜੁੜੇ ਅਧਿਆਪਕਾਂ ਨੂੰ ਅਜੇ ਤੱਕ ਸੱਤਵੇਂ ਪੇ ਕਮਿਸ਼ਨ ਅਨੁਸਾਰ ਸਕੇਲ ਨਹੀਂ ਦਿੱਤੇ ਗਏ ਅਤੇ ਉੱਪਰੋਂ ਸਰਕਾਰ ਸਕੇਲਾਂ ਨੂੰ ਯੂਜੀਸੀ ਤੋਂ ਡੀਿਲੰਕ ਕਰ ਰਹੀ ਹੈ। ਲੋਕਲ ਯੂਨਿਟ ਦੀ ਸਕੱਤਰ ਡਾ. ਕੁਲਦੀਪ ਕੌਰ ਨੇ ਕਿਹਾ ਕਿ ਸਰਕਾਰ ਨੂੰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਛੇਤੀ ਮੰਨਣੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਸੰਵਾਰਨ ਦੀ ਥਾਂ ਅਧਿਆਪਕ ਸੜਕਾਂ ਤੇ ਉਤਰਨ ਲਈ ਮਜਬੂਰ ਨਾ ਹੋਣ। ਉਨਾਂ੍ਹ ਕਿਹਾ ਕਿ ਸਾਰੇ ਕਾਲਜਾਂ ਦੇ ਯੂਨਿਟਾਂ ਵੱਲੋਂ ਅਧਿਆਪਨ ਨਾਲ ਸਬੰਧਤ ਕਾਰਜਾਂ ਦਾ ਸੰਪੂਰਨ ਬਾਈਕਾਟ ਕੀਤਾ ਜਾ ਰਿਹਾ ਹੈ ਅਤੇ ਇਹ ਉਦੋਂ ਤਕ ਜਾਰੀ ਰਹੇਗਾ ਜਦ ਤਕ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਮੰਨ ਨਹੀਂ ਲੈਂਦੀ। ਇਸ ਮੌਕੇ ਕਾਲਜ ਦੇ ਸਮੂਹ ਅਧਿਆਪਕ ਸਾਹਿਬਾਨ ਵੀ ਮੌਜੂਦ ਸਨ।