ਪੱਤਰ ਪ੍ਰਰੇਰਕ,ਫ਼ਤਹਿਗੜ੍ਹ ਸਾਹਿਬ : ਦੇਸ਼ ਦੇ ਕਿਸਾਨ, ਮਜ਼ਦੂਰ, ਆੜ੍ਹਤੀ ਤੇ ਹੋਰਨਾਂ ਸਬੰਧਤ ਧਿਰਾਂ ਦੇ ਖ਼ਾਤਮੇ ਲਈ ਅਕਾਲੀ ਦਲ ਦੀ ਭਾਈਵਾਲ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਤੀ ਸਬੰਧੀ ਲਿਆਂਦੇ ਕਾਲੇ ਕਾਨੂੰਨਾਂ ਖ਼ਿਲਾਫ਼ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਇਕ ਕਿਸਾਨ ਵਜੋਂ ਸੰਘਰਸ਼ ਦੇ ਮੈਦਾਨ 'ਚ ਨਿੱਤਰੇ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ 'ਚ ਵੱਡੀ ਗਿਣਤੀ ਕਿਸਾਨ, ਮਜ਼ਦੂਰ, ਆੜ੍ਹਤੀ ਤੇ ਹੋਰਨਾਂ ਸਬੰਧਤ ਧਿਰਾਂ ਵੱਲੋਂ ਕੌਮੀ ਮਾਰਗ-44 (ਦਿੱਲੀ-ਜਲੰਧਰ ਮਾਰਗ) 'ਤੇ ਸਰਹਿੰਦ ਵਿਖੇ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਚੱਕਾ ਜਾਮ ਕਰ ਕੇ ਧਰਨਾ ਦਿੱਤਾ ਗਿਆ ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਸ. ਨਾਗਰਾ ਨੇ ਗਫ਼ਲਤ ਦੀ ਨੀਂਦ ਸੁੱਤੀ ਪਈ ਕੇਂਦਰ ਸਰਕਾਰ ਨੂੰ ਹਲੂਣਦਿਆਂ ਆਖਿਆ ਕਿ ਪੰਜਾਬ ਦਾ ਕਿਸਾਨ ਇਹ ਜ਼ੁਲਮ ਬਰਦਾਸ਼ਤ ਨਹੀਂ ਕਰੇਗਾ। ਜੇ ਕੇਂਦਰ ਨੇ ਇਹ ਕਾਨੂੰਨ ਵਾਪਸ ਨਾ ਲਏ ਤਾਂ ਸੰਘਰਸ਼ ਦੀ ਇਹ ਚੰਗਿਆੜੀ ਇਕ ਭਾਂਬੜ ਬਣੇਗੀ, ਜਿਹੜਾ ਮੋਦੀ ਸਰਕਾਰ ਦਾ ਟਿਕਣਾ ਮੁਸ਼ਕਲ ਕਰ ਦੇਵੇਗਾ। ਸ. ਨਾਗਰਾ ਨੇ ਮੋਦੀ ਸਰਕਾਰ ਨੂੰ ਚੇਤੇ ਕਰਵਾਇਆ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਤੇ ਇੱਥੋਂ ਦੇ ਲੋਕਾਂ 'ਚ ਪੈਦਾ ਹੋਏ ਰੋਹ ਦਾ ਲਾਹਾ ਦੇਸ਼ ਵਿਰੋਧੀ ਤਾਕਤਾਂ ਵੀ ਲੈ ਸਕਦੀਆਂ ਹਨ। ਅਜਿਹੀਆਂ ਗੱਲਾਂ ਕਾਰਨ ਹੀ ਪੰਜਾਬ ਨੇ ਪਹਿਲਾਂ ਦਹਾਕਾ-ਡੇਢ ਦਹਾਕਾ ਸੰਤਾਪ ਹੰਢਾਇਆ ਹੈ। ਪੰਜਾਬ ਦੇ ਲੋਕਾਂ ਵਿਚਲੇ ਰੋਹ ਦਾ ਲਾਹਾ ਲੈਣ ਲਈ ਦੇਸ਼ ਅਤੇ ਸਮਾਜ ਵਿਰੋਧੀ ਤਾਕਤਾਂ ਪੱਬਾਂ ਭਾਰ ਹਨ। ਇਸ ਲਈ ਨਰਿੰਦਰ ਮੋਦੀ ਦੀ ਸਰਕਾਰ ਅੱਗ ਨਾਲ ਖੇਡਣਾ ਬੰਦ ਕਰੇ ਕਿਉਂਕਿ ਬੇਕਾਬੂ ਹੋਈ ਅੱਗ ਕਾਰਨ ਕਈ ਵਾਰ ਅੱਗ ਲਾਉਣ ਵਾਲਾ ਖ਼ੁਦ ਆਪਣਾ ਆਪਾ ਤੇ ਆਪਣਾ ਘਰਬਾਰ ਸਾੜ ਬੈਠਦਾ ਹੈ। ਜੇ ਮੋਦੀ ਸਰਕਾਰ ਨੇ ਇਹ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਹੋਣਾ ਮੋਦੀ ਸਰਕਾਰ ਨਾਲ ਵੀ ਇਹੋ ਕੁਝ ਹੈ। ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਫ਼ਸਲਾਂ ਦੇ ਐੱਮਅੱੈਸਪੀ 'ਚ ਕੀਤੇ ਨਿਗੁਣੇ ਵਾਧੇ ਨੂੰ ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ ਬਰਾਬਰ ਕਰਾਰ ਦਿੰਦਿਆਂ ਨਾਗਰਾ ਨੇ ਕਿਹਾ ਕਿ ਇਹ ਫ਼ੈਸਲਾ ਕਿਸਾਨੀ ਰੋਹ ਨੂੰ ਸ਼ਾਂਤ ਕਰਨ ਵਾਸਤੇ ਕਿਸਾਨਾਂ ਨੂੰ ਪੁਚਕਾਰਨ ਦੀ ਨੀਤ ਨਾਲ ਕੀਤਾ ਗਿਆ ਹੈ ਪਰ ਕਿਸਾਨ ਅਜਿਹੀ ਕਿਸੇ ਚਾਲ 'ਚ ਨਹੀਂ ਆਉਣਗੇ। ਇਨ੍ਹਾਂ ਕਾਨੂੰਨਾਂ ਸਬੰਧੀ ਅਕਾਲੀ ਦਲ ਦੀ ਨਿਖੇਧੀ ਕਰਦਿਆਂ ਸ. ਨਾਗਰਾ ਕਿਹਾ ਕਿ ਜਦੋਂ ਇਨ੍ਹਾਂ ਕਾਲੇ ਕਾਨੂੰਨਾਂ ਦੇ ਰੂਪ 'ਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੌਤ ਵੱਲ ਧੱਕਣ ਦੀ ਚਾਲ ਘੜੀ ਜਾ ਰਹੀ ਸੀ, ਉਦੋਂ ਹਰਸਿਮਰਤ ਕੌਰ ਬਾਦਲ ਚੁਪ ਕਰ ਕੇ ਨਰਿੰਦਰ ਮੋਦੀ ਨੂੰ ਜਾਬਰ ਕਹਿਣ ਦੀ ਥਾਂ ਉਨ੍ਹਾਂ ਦੀ ਜੀ ਹਜ਼ੂਰੀ ਕਰਦੇ ਰਹੇ। ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਹੁਰਾ ਪਰਕਾਸ਼ ਸਿੰਘ ਬਾਦਲ ਇਕ ਕਦਮ ਹੋਰ ਅੱਗੇ ਹੋ ਕੇ ਇਨ੍ਹਾਂ ਕਾਨੂੰਨਾਂ ਦੀ ਸ਼ਲਾਘਾ ਕਰਦੇ ਰਹੇ ਤੇ ਨਰਿੰਦਰ ਮੋਦੀ ਦੇ ਗੁਣ ਗਾਉਂਦੇ ਰਹੇ। ਹੁਣ ਜਦੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਰੋਹ ਨੂੰ ਦੇਖ ਕੇ ਉਨ੍ਹਾਂ ਨੂੰ ਇਹ ਲੱਗਿਆ ਕਿ ਲੋਕਾਂ ਨੇ ਤਾਂ ਉਨ੍ਹਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਤਾਂ ਹੁਣ ਸ੍ਰੀਮਤੀ ਬਾਦਲ ਨੇ ਵੀ ਵਜ਼ੀਰੀ ਛੱਡ ਦਿੱਤੀ ਤੇ ਸੁਖਬੀਰ ਬਾਦਲ ਵੀ ਬਿਲ ਰੁਕਵਾਉਣ ਲਈ ਚਾਰਾਜੋਈ ਕਰਨ ਦਾ ਡਰਾਮਾ ਕਰਦੇ ਫਿਰਦੇ ਹਨ। ਇਹ ਅਖੌਤੀ ਆਗੂ ਚੀਚੀ ਨੂੰ ਖ਼ੂਨ ਲਾ ਕੇ ਖ਼ੁਦ ਨੂੰ ਲੋਕਾਂ ਲਈ 'ਸ਼ਹੀਦ' ਹੋਣ ਵਾਲੇ ਅਖਵਾਉਂਦੇ ਫਿਰਦੇ ਹਨ।