ਰਣਜੋਧ ਸਿੰਘ ਔਜਲਾ, ਫ਼ਤਹਿਗੜ੍ਹ ਸਾਹਿਬ : ਭਾਖੜਾ ਨਹਿਰ 'ਚ ਪਏ ਕਟਾਅ ਨੂੰ ਭਰਨ ਲਈ ਨਹਿਰੀ ਵਿਭਾਗ ਕਸੂਤੀ ਸਥਿਤੀ 'ਚ ਹੈ। ਕਟਾਅ ਭਰਨ ਲਈ ਜਿੱਥੇ ਵਿਭਾਗ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਨਹਿਰ 'ਚ ਪਾਣੀ ਦਾ ਪੱਧਰ ਘਟਾਉਣ ਕਰਕੇ ਹਰਿਆਣਾ, ਰਾਜਸਥਾਨ ਦੇ ਨਾਲ- ਨਾਲ ਰਾਜਪੁਰਾ ਤੇ ਇਸ ਦੇ ਨਾਲ ਲੱਗਦੇ ਇਲਾਕੇ ਵੀ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ।

ਇਸ ਸਮੇਂ ਨਹਿਰ 'ਚ 4500 ਕਿਊਸਕ ਪਾਣੀ ਚੱਲ ਰਿਹਾ ਹੈ, ਜੋ ਆਮ ਨਾਲੋਂ ਅੱਧਾ ਹੈ। ਵਿਭਾਗ ਨੂੰ ਕਟਾਅ ਦੀ ਡੂੰਘਾਈ ਦਾ ਪਤਾ ਨਾ ਲੱਗਣ ਕਰਕੇ ਵਿਭਾਗ ਹਿੱਟ ਐਂਡ ਟ੍ਰਾਇਲ ਪ੍ਰਕਿਰਿਆ ਰਾਹੀਂ ਕਟਾਅ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਤਹਿਤ ਸੀਮੈਂਟ, ਰੇਤ ਤੇ ਬੱਜਰੀ ਦੇ ਮਿਸ਼ਰਣ ਦੇ 150 ਥੈਲਿਆਂ ਦੇ ਕਰੇਟ ਬਣਾ ਕੇ ਨਹਿਰ 'ਚ ਸੁੱਟੇ ਜਾ ਰਹੇ ਹਨ ਤਾਂ ਕਿ ਡੂੰਘਾਈ ਦਾ ਪਤਾ ਲਾਇਆ ਜਾ ਸਕੇ ।

ਹੁਣ ਤਕ ਅਜਿਹੇ 5 ਕਰੇਟ ਨਹਿਰ 'ਚ ਸੁੱਟੇ ਜਾ ਚੁੱਕੇ ਹਨ ਪਰ ਕਟਾਅ ਦੀ ਡੂੰਘਾਈ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਵਿਭਾਗ ਦੇ ਉੱਚ ਅਧਿਕਾਰੀ ਸਵੇਰ ਤੋਂ ਸ਼ਾਮ ਤਕ ਕਟਾਅ ਵਾਲੀ ਥਾਂ 'ਤੇ ਮੌਜੂਦ ਰਹਿਣ ਲਈ ਮਜਬੂਰ ਹਨ ਤਾਂ ਕਿ ਜਲਦੀ ਤੋਂ ਜਲਦੀ ਇਸ ਦਾ ਕੰਮ ਮੁਕੰਮਲ ਹੋ ਸਕੇ ਪਰ ਵਿਭਾਗ ਨੂੰ ਅਜੇ ਤਕ ਸਫ਼ਲਤਾ ਨਹੀਂ ਮਿਲੀ।

ਵਿਭਾਗ ਨੂੰ ਕਟਾਅ ਦੀ ਡੂੰਘਾਈ ਦਾ ਪਤਾ ਲਾਉਣ ਲਈ ਵੀਰਵਾਰ ਨੂੰ ਗੋਤਾਖੋਰ ਬੁਲਾਉਣੇ ਪਏ, ਜੋ ਕਟਾਅ ਦੀ ਡੂੰਘਾਈ ਕਰੀਬ 35 ਫੁੱਟ ਦੱਸ ਰਹੇ ਹਨ। ਕਾਰਜਕਾਰੀ ਇੰਜੀਨੀਅਰ ਚੰਦਰ ਮੋਹਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕਟਾਅ ਦੀ ਮੁਰੰਮਤ ਕਰਨ ਲਈ 3 ਹਜ਼ਾਰ ਕਿਊਸਕ ਦੀ ਮੰਗ ਕੀਤੀ ਸੀ ਪਰ ਵਿਭਾਗ ਨੇ 4500 ਕਿਊਸਕ ਕੀਤਾ ਹੈ ਪਰ ਫਿਰ ਵੀ ਕੰਮ ਕਰਨ 'ਚ ਦਿੱਕਤ ਆ ਰਹੀ ਹੈ ਜਦਕਿ ਵਿਭਾਗ ਵੱਲੋਂ 100 ਮਜ਼ਦੂਰ ਲਾਏ ਗਏ ਹਨ।

ਪਾਣੀ ਘੱਟ ਹੋਣ ਕਰਕੇ ਡਿੱਗਣ ਲੱਗੀਆਂ ਇੱਟਾਂ

ਕਟਾਅ ਦੀ ਮੁਰੰਮਤ ਕਰਨ ਲਈ ਨਹਿਰ 'ਚ ਪਾਣੀ ਘੱਟ ਕਰਨ ਕਰਕੇ ਵਿਭਾਗ ਇਕ ਹੋਰ ਮੁਸੀਬਤ 'ਚ ਫਸ ਗਿਆ ਕਿਉਂਕਿ ਪਾਣੀ ਘੱਟ ਹੋਣ ਨੰਗਲ ਹਾਈਡਲ ਚੈਨਲ 'ਤੇ ਨਹਿਰ 'ਚ ਲੱਗੀ ਇੱਟਾਂ ਦੀ ਬਣੀ ਲਾਇਨਿੰਗ ਟੁੱਟਣ ਲੱਗ ਗਈ ਹੈ। ਮਾਹਰਾਂ ਮੁਤਾਬਕ ਨਹਿਰ 'ਚ ਪਾਣੀ ਦੀ ਮਾਤਰਾ 4500 ਕਿਊਸਕ ਤੋਂ ਘੱਟ ਨਹੀਂ ਕੀਤੀ ਜਾ ਸਕਦੀ ਜਦਕਿ ਵਿਭਾਗ ਕਟਾਅ ਦੀ ਮੁਰੰਮਤ ਲਈ ਨਹਿਰ 'ਚ ਪਾਣੀ ਦੀ ਮਾਤਰਾ 3 ਹਜ਼ਾਰ ਕਿਊਸਕ ਕਰਨ ਦੀ ਮੰਗ ਕਰ ਰਿਹਾ ਹੈ।