ਪੰਜਾਬੀ ਜਾਗਰਣ ਟੀਮ, ਫ਼ਤਹਿਗੜ੍ਹ ਸਾਹਿਬ : ਫ਼ਤਹਿਗੜ੍ਹ ਸਾਹਿਬ-ਸਰਹਿੰਦ 'ਚ ਲੱਗੀਆਂ ਸਾਰੀਆਂ ਟ੍ਰੈਫਿਕ ਲਾਈਟਾਂ ਬੰਦ ਹੋਣ ਕਾਰਨ ਲੋਕਾਂ ਨੂੰ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਟ੍ਰੈਫਿਕ ਪੁਲਿਸ ਇਸ ਪਾਸੇ ਬਿਲਕੁਲ ਧਿਆਨ ਨਹੀਂ ਦੇ ਰਹੀ। ਇਸ ਕਾਰਨ ਰੋਜ਼ਾਨਾ ਰਾਹਗੀਰਾਂ ਨੂੰ ਖੱਜਲ-ਖੁਆਰ ਤੇ ਨਿੱਕੇ ਮੋਟੇ ਹਾਦਸਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਟਰੈਫਿਕ ਲਾਈਟਾਂ ਨਾ ਚੱਲਣ ਕਾਰਨ ਲੋਕਾਂ 'ਚ ਭਾਰੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਬੰਦਾ ਸਿੰਘ ਬਹਾਦਰ ਜੋਤੀ ਸਰੂਪ ਮੌੜ ਚੌਕ, ਚਾਰ ਨੰਬਰ ਚੁੰਗੀ,ਵਿਸ਼ਵਕਰਮਾ ਚੌਕ,ਸਰਹਿੰਦ ਜੀਟੀ ਰੋਡ, ਚਾਵਲਾ ਚੌਕ, ਨਵਾਂ ਬੱਸ ਅੱਡਾ,ਮਾਧੋਪੁਰ ਚੌਕ,ਸਿਵਲ ਹਸਪਤਾਲ, ਕਚਹਿਰੀਆਂ, ਸ਼ਮਸ਼ੇਰ ਨਗਰ ਚੌਕ,ਖੰਡਾ ਚੌਕ,ਨਾਮਦੇਵ ਚੌਕ, ਰੋਪੜ ਅੱਡਾ,ਆਮ ਖਾਸ ਬਾਗ ਚੌਕ,ਗੁਰਦੁਆਰਾ ਬਾਬਾ ਬਾਬਾ ਮੋਤੀ ਰਾਮ ਮਹਿਰਾ,ਗੁਰਦੁਆਰਾ ਜੋਤੀ ਸਰੂਪ ਸਾਹਿਬ ਅਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਆਦਿ ਥਾਵਾਂ ਤੇ ਟ੍ਰੈਫਿਕ ਲਾਈਟਾਂ ਬੰਦ ਹੋਣ ਕਾਰਨ ਰੋਜ਼ਾਨਾ ਹਜ਼ਾਰਾਂ ਵਾਹਨ ਚਾਲਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਆਗੂ ਪੋ੍.ਧਰਮਜੀਤ ਸਿੰਘ ਜਲਵੇੜਾ ਨੇ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆਂ ਲਗਪਗ 7 ਮਹੀਨੇ ਹੋ ਚੁੱਕੇ ਹਨ,ਪਰ ਟਰੈਫਿਕ ਲਾਈਟਾਂ ਦੇ ਮਾਮਲੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਟ੍ਰੈਫਿਕ ਲਾਈਟਾਂ ਬੰਦ ਕਾਰਨ ਲੋਕਾਂ ਨੂੰ ਆ ਰਹੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨਾਂ੍ਹ ਕਿਹਾ ਕਿ ਜ਼ਲਿ੍ਹਾ ਪ੍ਰਸ਼ਾਸਨ ਪਿਛਲੀਆਂ ਸਰਕਾਰਾਂ ਵਾਂਗ ਕੰਮ ਕਰ ਰਿਹਾ ਹੈ। ਇਸੇ ਤਰਾਂ੍ਹ ਪ੍ਰਸ਼ਾਸਨ ਪਿਛਲੀਆਂ ਸਰਕਾਰਾਂ ਵਿੱਚ ਕੰਮ ਕਰਦਾ ਸੀ। ਉਨਾਂ੍ਹ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਵੇਖਦੇ ਹੋਏ ਟ੍ਰੈਫਿਕ ਲਾਈਟਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ ਜੇਕਰ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।