ਗੁਰਚਰਨ ਸਿੰਘ ਜੰਜੂਆ, ਅਮਲੋਹ : ਬੁੱਗਾ ਰੋਡ ਅਮਲੋਹ ਨੇੜੇ ਭਾਰਤ ਗੈਸ ਏਜੰਸੀ ਕੋਲ ਸੀਵਰੇਜ ਦਾ ਗੰਦਾ ਪਾਣੀ ਕਾਫ਼ੀ ਲੰਬੇ ਸਮੇਂ ਤੋਂ ਲੀਕੇਜ਼ ਹੋ ਕੇ ਸੜਕ 'ਤੇ ਫਿਰਦਾ ਅਕਸਰ ਦਿਖਾਈ ਦਿੰਦਾ ਹੈ, ਜਿਸ ਕਾਰਨ ਸਥਾਨਕ ਲੋਕਾਂ ਤੇ ਰਾਹਗੀਰਾਂ ਨੂੰ ਭਾਰੀ ਪੇਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਪਾਣੀ ਨਾਲ ਜਿੱਥੇ ਭਿਆਨਕ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਬਣਿਆ ਹੋਇਆ ਹੈ, ਉੱਥੇ ਗੰਦੀ ਬਦਬੂ ਵੀ ਆਉਂਦੀ ਹੈ। ਉਨਾਂ੍ਹ ਕਿਹਾ ਪਾਣੀ ਦੀ ਹੋ ਰਹੀ ਲਗਾਤਾਰ ਲੀਕੇਜ ਕਾਰਨ ਸੜਕ ਵੀ ਟੁੱਟ ਰਹੀ ਹੈ ਅਤੇ ਵੱਡੇ-ਵੱਡੇ ਟੋਏ ਬਣ ਕੇ ਗੰਦੇ ਪਾਣੀ ਦੇ ਭਰ ਜਾਂਦੇ ਹਨ, ਜਿਸ ਕਾਰਨ ਸੜਕ ਹਾਦਸੇ ਦਾ ਵੀ ਖ਼ਤਰਾ ਹੈ। ਉਨਾਂ੍ਹ ਦੱਸਿਆ ਕਿ ਇਸ ਸਬੰਧੀ ਕਈ ਵਾਰ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਨੂੰ ਮਿਲ ਚੁੱਕੇ ਹਨ ਪਰ ਅਜੇ ਤਕ ਇਸ ਦਾ ਕੋਈ ਠੋਸ ਹੱਲ ਨਹੀਂ ਹੋ ਸਕਿਆ। ਉਨਾਂ੍ਹ ਹਲਕਾ ਵਿਧਾਇਕ ਅਤੇ ਕੌਂਸਲ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਇਸ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਪੁਖ਼ਤਾ ਪ੍ਰਬੰਧ ਕਰਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ। ਇਸ ਮੌਕੇ ਸੁਖਦੇਵ ਸਿੰਘ ਸੁੱਖੀ, ਕੁਲਦੀਪ ਸਿੰਘ, ਨਾਹਰ ਸਿੰਘ, ਤਰਸੇਮ ਸਿੰਘ ਅਤੇ ਬਲਵੀਰ ਸਿੰਘ ਆਦਿ ਹਾਜ਼ਰ ਸਨ। ਜਦੋਂ ਇਸ ਸਬੰਧੀ ਨਗਰ ਕੌਂਸਲ ਅਮਲੋਹ ਦੇ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ ਨਾਲ ਵਾਰ-ਵਾਰ ਸੰਪਰਕ ਕੀਤਾ ਤਾਂ ਉਨਾਂ੍ਹ ਵੱਲੋਂ ਫ਼ੋਨ ਨਾ ਚੁੱਕਣ ਕਾਰਨ ਉਨਾਂ੍ਹ ਦਾ ਪੱਖ ਨਹੀਂ ਮਿਲ ਸਕਿਆ। ਨਗਰ ਕੌਂਸਲ ਦੇ ਪ੍ਰਧਾਨ ਡਾ. ਹਰਪ੍ਰਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ੍ਹ ਕਿਹਾ ਕਿ ਸੀਵਰੇਜ ਵਿਚ ਗਾਰ ਜੰਮਣ ਕਾਰਨ ਇਹ ਸਮੱਸਿਆ ਆਈ ਹੈ, ਕੱਲ੍ਹ ਹੀ ਸਾਰੇ ਸ਼ਹਿਰ ਦੇ ਸੀਵਰੇਜ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਕੋਈ ਪੇ੍ਸ਼ਾਨੀ ਨਾ ਆਵੇ।