ਪਰਮਵੀਰ/ਜੱਸੀ, ਸੰਘੋਲ/ਖਮਾਣੋਂ : ਪਿੰਡ ਲਖਨਪੁਰ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਦੋ ਧਿਰਾਂ 'ਚ ਖੜਕ ਪਈ। ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ, ਪੰਚਾਇਤ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਹੋਏ ਝਗੜੇ ਦੀ ਘਟਨਾ ਵੀਡੀਓ ਕੈਮਰੇ 'ਚ ਕੈਦ ਹੋ ਗਈ। ਮੌਕੇ 'ਤੇ ਮੌਜੂਦ ਸੂਤਰਾਂ ਮੁਤਾਬਕ ਬੋਲੀ ਸਮਾਪਤ ਹੋਣ ਮਗਰੋਂ ਦੋ ਧਿਰਾਂ 'ਚ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋ ਗਈ। ਇਸ ਤਰ੍ਹਾਂ ਗੱਲ ਹੱਥੋਪਾਈ ਤਕ ਜਾ ਪਹੁੰਚ ਗਈ। ਮਾਮਲਾ ਖਮਾਣੋਂ ਪੁਲਿਸ ਕੋਲ ਪਹੁੰਚ ਗਿਆ ਹੈ।

----

ਮੇਰੇ ਨਾਲ ਧੱਕਾ ਹੋਇਆ : ਲਖਵੀਰ ਸਿੰਘ

ਇਸ ਸਬੰਧੀ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਉਸ ਨਾਲ ਪਿੰਡ ਦੇ ਹੀ ਵਾਸੀ ਮੇਜਰ ਸਿੰਘ ਅਤੇ ਉਸ ਦੇ ਲੜਕੇ ਬਲਦੀਪ ਸਿੰਘ ਨੇ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਤੇ ਗਾਲ੍ਹਾਂ ਕੱਢੀਆਂ। ਇਸ ਦੌਰਾਨ ਉਨ੍ਹਾਂ ਦੀ ਪੱਗ ਢਹਿ ਗਈ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ। ਗੁੱਝੀਆਂ ਸੱਟਾਂ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਹੋਣਾ ਪਿਆ, ਜਿੱਥੇ ਪੁਲਿਸ ਨੇ ਉਨ੍ਹਾਂ ਦਾ ਬਿਆਨ ਦਰਜ ਕੀਤਾ ਹੈ। ਮਸਲੇ ਸਬੰਧੀ ਉਨ੍ਹਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵੀ ਕੇਸਾਂ ਦੀ ਬੇਅਦਬੀ ਬਾਰੇ ਮੇਲ ਰਾਹੀਂ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ।

-------

ਲਖਵੀਰ ਨੇ ਪਹਿਲਾਂ ਥੱਪੜ ਮਾਰਿਆ : ਮੇਜਰ ਸਿੰਘ

ਮੇਜਰ ਸਿੰਘ ਦਾ ਕਹਿਣਾ ਹੈ ਕਿ ਬੋਲੀ ਉਪਰੰਤ ਪਿੰਡ ਅਤੇ ਪੰਚਾਇਤ ਵਿਭਾਗ ਦੀ ਹਾਜ਼ਰੀ ਦੌਰਾਨ ਜਦੋਂ ਪੈਸੇ ਗਿਣੇ ਜਾ ਰਹੇ ਸਨ ਤਾਂ ਲਖਵੀਰ ਸਿੰਘ ਆਪਣੀ ਥਾਂ ਤੋਂ ਉੱਠ ਕੇ ਉਸ ਕੋਲ ਆ ਗਿਆ ਅਤੇ ਕਿਹਾ ਕਿ ਹਾਲੇ ਖੇਤ ਵਿਚ ਟਰੈਕਟਰ ਨਾ ਵਾੜੀ।ਜਦੋਂ ਉਨ੍ਹਾਂ ਕਿਹਾ ਕਿ ਜ਼ਮੀਨ ਜਦੋਂ ਠੇਕੇ 'ਤੇ ਲਈ ਹੈ ਤਾਂ ਟਰੈਕਟਰ ਤਾਂ ਚਲਾਉਣਾ ਹੀ ਹੈ। ਇਸ 'ਤੇ ਰੋਹ ਵਿਚ ਉਸ ਨੇ ਮੇਰੇ ਥੱਪੜ ਮਾਰ ਦਿੱਤਾ। ਮੇਜਰ ਸਿੰਘ ਨੇ ਲਖਵੀਰ ਸਿੰਘ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।

----------

ਜਾਂਚ ਉਪਰੰਤ ਹੋਵੇਗੀ ਕਾਰਵਾਈ

ਸੰਪਰਕ ਕਰਨ 'ਤੇ ਥਾਣਾ ਮੁਖੀ ਖਮਾਣੋਂ ਹਰਮਿੰਦਰ ਸਿੰਘ ਸਰਾਓ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਸ਼ਿਕਾਇਤ ਦਿੱਤੀ ਹੈ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਫੋਟੋ ਫਾਇਲ,15ਐਸਐਨਡੀ-ਪੀ-17,18ਵਿਚ