ਪੱਤਰ ਪ੍ਰੇਰਕ, ਫ਼ਤਹਿਗੜ੍ਹ ਸਾਹਿਬ : ਸ਼ੋ੍ਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪਾਕਿਸਤਾਨ ਸਥਿਤ ਗੁਰੂ ਨਾਨਕ ਦੇਵ ਦੇ ਸਥਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਸਮੇਂ ਪਾਕਿਸਤਾਨ ਸਰਕਾਰ ਵਲੋਂ ਸ਼ਰਧਾਲੂਆਂ ਤੋਂ ਸਰਵਿਸ ਫੀਸ ਵਸੂਲਣ ਦੀ ਰੱਖੀ ਤਜਵੀਜ਼ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਸਾਹਿਬ ਸਮੁੱਚੇ ਜਗਤ ਦੇ ਸਾਂਝੇ ਗੁਰੂ ਸਨ, ਜਿਸ ਕਰਕੇ ਸਮੁੱਚੀ ਸੰਗਤ ਗੁਰਦੁੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਸ਼ਰਧਾ ਰੱਖਦੀ ਹੋਈ ਨਤਮਸਤਕ ਹੋਣ ਜਾਵੇਗੀ, ਉਨ੍ਹਾਂ 'ਤੇ ਕਿਸੇ ਪ੍ਰਕਾਰ ਦੀ ਫੀਸ ਰੱਖਣਾ ਕਿਸੇ ਵੀ ਹਾਲਤ ਵਿਚ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਵਲੋਂ ਰੱਖੀ ਇਸ ਤਜਵੀਜ਼ ਨੇ ਬਾਬਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ, ਜਿਸ ਨੇ ਹਿੰਦੂ ਮੰਦਰਾਂ 'ਤੇ ਟੈਕਸ ਤਕ ਲਗਾ ਦਿੱਤਾ ਸੀ ਤੇ ਜਿਸ ਤਹਿਤ ਸ਼ਰਧਾਲੂਆਂ ਨੂੰ ਪਹਿਲਾ ਫ਼ੀਸ ਅਦਾ ਕਰਨੀ ਪੈਂਦੀ ਸੀ ਫਿਰ ਮੰਦਰਾਂ ਵਿਚ ਜਾ ਕੇ ਦਰਸ਼ਨ ਕਰ ਸਕਦੇ ਸਨ। ਅਜਿਹੀ ਕਿਸੇ ਵੀ ਤਰ੍ਹਾਂ ਦੀ ਜੋ ਤਜਵੀਜ਼ ਪਾਕਿਸਤਾਨ ਸਰਕਾਰ ਵਲੋਂ ਪੇਸ਼ ਕੀਤੀ ਗਈ ਉਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।