ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : ਸਰਹਿੰਦ ਪੁਲਿਸ ਨੇ ਇਕ ਨਾਮੀ ਗੈਂਗਸਟਰ ਗਿਰੋਹ ਨਾਲ ਸਬੰਧਤ ਨੌਜਵਾਨ ਨੂੰ ਅਸਲੇ ਸਮੇਤ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਸ ਦੀ ਪਛਾਣ ਗਗਨਦੀਪ ਸਿੰਘ ਵਾਸੀ ਝੰਜੀਆਂ ਕਲਾਂ (ਬਟਾਲਾ) ਵਜੋਂ ਹੋਈ। ਇਹ ਵਿਅਕਤੀ ਜੱਗੂ ਭਗਵਾਨਪੁਰੀਆ ਅਤੇ ਸੁੱਖ ਭਿਖਾਰੀਵਾਲ ਗੈਂਗਸਟਰ ਗਿਰੋਹ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਏਐੱਸਆਈ ਨਾਜ਼ਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਭੱਟੀ ਚੌਂਕ ਨੇੜੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਜੋ ਕਿ ਕਈ ਵਾਰਦਾਤਾਂ ਸਮੇਤ ਅੰਮਿ੍ਤਸਰ ਦੇ ਐੱਨਆਰਆਈ ਕੁਲਵੰਤ ਸਿੰਘ ਦੇ ਕਤਲ ਕੇਸ 'ਚ ਵੀ ਭਗੌੜਾ ਹੈ, ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੇ ਲਈ ਅਸਲੇ ਸਮੇਤ ਚਾਵਲਾ ਰੈਸਟੋਰੈਂਟ ਸਰਹਿੰਦ ਨਜ਼ਦੀਕ ਘੁੰਮ ਰਿਹਾ ਹੈ। ਇਸ 'ਤੇ ਕਾਰਵਾਈ ਉਨ੍ਹਾਂ ਪੁਲਿਸ ਪਾਰਟੀ ਸਮੇਤ ਉਕਤ ਵਿਅਕਤੀ ਨੂੰ ਕਾਬੂ ਕਰਕੇ ਤਲਾਸ਼ੀ ਦੌਰਾਨ 8 ਜਿੰਦਾ ਕਾਰਤੂਸ 32 ਬੋਰ ਬਰਾਮਦ ਕਰ ਲਏ। ਪੁਲਿਸ ਨੇ ਉਕਤ ਵਿਅਕਤੀ ਨੂੰ ਅਦਾਲਤ 'ਚ ਪੇਸ਼ ਕਰਕੇ ਹੋਰ ਪੁਛਗਿੱਛ ਲਈ ਉਸ ਦਾ ਰਿਮਾਂਡ ਹਾਸਲ ਕੀਤਾ ਹੈ।