ਜਗਮੀਤ ਸਿੰਘ, ਅਮਲੋਹ : ਹਲਕੇ ਦੇ ਪਿੰਡ ਬੁੱਗਾ ਕਲਾਂ ਦੇ ਸਾਬਕਾ ਸਰਪੰਚ ਰਣਦੀਪ ਸਿੰਘ ਦੇ ਘਰ ਕੱਲ੍ਹ ਈਡੀ ਵੱਲੋਂ ਮਾਰੀ ਗਈ ਛਾਪੇਮਾਰੀ ਦੇਰ ਰਾਤ ਤੱਕ ਚੱਲਦੀ ਰਹੀ ਅਤੇ ਤਕਰੀਬਨ 13 ਘੰਟੇ ਚ ਪੜਤਾਲ ਪੂਰੀ ਕਰਨ ਤੋਂ ਬਾਅਦ ਇਹ ਟੀਮ ਕਥਿਤ ਤੌਰ ਤੇ ਕਾਫ਼ੀ ਸਾਰੇ ਕਾਗ਼ਜ਼ਾਤ, ਤੇ ਕੁਝ ਹੋਰ ਸਮਾਨ ਨਾਲ ਲੈ ਗਏ ਜਦੋਂ ਕਿ ਸਰਪੰਚ ਰਣਦੀਪ ਸਿੰਘ ਘਰ ਹੀ ਛੱਡ ਗਏ।ਇਹ ਤੋ ਇਹ ਵੀ ਪਤਾ ਲੱਗਾ ਹੈ ਕਿ ਈਡੀ ਨੂੰ ਇਸ ਪੜਤਾਲ ਦੌਰਾਨ ਕੋਈ ਬਹੁਤੀ ਨਕਦੀ ਨਹੀਂ ਮਿਲੀ।

ਜਾਣਕਾਰੀ ਅਨੁਸਾਰ ਛਾਪਾ ਮਾਰਨ ਵਾਲੀ ਟੀਮ ਦੀ ਅਗਵਾਈ ਈਡੀ ਦੇ ਅਸਿਸਟੈਂਟ ਡਾਇਰੈਕਟਰ ਸਮਿਤ ਉਪਧਾਇਆ ਅਤੇ ਅਤੀਸ ਸੁਆਮੀ ਕਰ ਰਹੇ ਸਨ ਪਰ ਇਨ੍ਹਾਂ ਅਧਿਕਾਰੀਆਂ ਨੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੀਡੀਏ ਨਾਲ ਗੱਲ ਨਹੀਂ ਕੀਤੀ। ਦੂਜੇ ਪਾਸੇ ਮੀਡੀਏ ਚ ਆਈਆਂ ਖ਼ਬਰਾਂ ਜਿਸ ਵਿਚ ਸਾਬਕਾ ਸਰਪੰਚ ਰਣਦੀਪ ਸਿੰਘ ਨੂੰ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਹੈ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਕੇ ਹੋਏ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਬਿਨ੍ਹਾਂ ਸੱਕ ਰਣਦੀਪ ਸਿੰਘ ਬੁੱਗਾ ਕਾਂਗਰਸ ਪਾਰਟੀ ਦਾ ਵਰਕਰ ਹੈ ਅਤੇ ਪਿਛਲੇ ਸਮੇਂ ਵਿਚ ਉਹ ਪਾਰਟੀ ਲਈ ਕੰਮ ਕਰਦਾ ਰਿਹਾ ਹੈ ਪਰ ਉਹ ਕੀ ਬਿਜ਼ਨਸ ਕਰਦਾ ਹੈ ਜਾਂ ਉਸ ਦਾ ਕੀ ਕਾਰੋਬਾਰ ਹੈ ਇਹ ਉਸ ਦਾ ਨਿੱਜੀ ਮਾਮਲਾ ਹੈ । ਉਨ੍ਹਾਂ ਕਿਹਾ ਕਿ ਜੇਕਰ ਉਸ ਨੇ ਕੁਝ ਗ਼ਲਤ ਕੀਤਾ ਹੋਵੇਗਾ ਤਾਂ ਉਸ ਦੀ ਸਜਾ ਦਾ ਉਹ ਹੱਕਦਾਰ ਹੈ ਪਰ ਜੇਕਰ ਪਾਰਟੀਬਾਜ਼ੀ ਦੇ ਕਾਰਨ ਬਿਨ੍ਹਾਂ ਕਿਸੇ ਕਸੂਰ ਤੋ ਕਾਂਗਰਸ ਦੇ ਕਿਸੇ ਵੀ ਵਰਕਰ ਨਾਲ ਧੱਕੇਸ਼ਾਹੀ ਹੋਵੇਗੀ ਤਾਂ ਪਾਰਟੀ ਆਪਣੇ ਵਰਕਰਾਂ ਦੀ ਪਿੱਠ ਤੇ ਖੜ੍ਹੀ ਹੈ।

Posted By: Sunil Thapa