ਰਣਜੋਧ ਸਿੰਘ ਔਜਲਾ, ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਰਾਈਸ ਮਿੱਲਰਜ਼ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਮੀਟਿੰਗ 'ਚ ਕਿਸੇ ਵੀ ਏਜੰਸੀ ਦਾ ਝੋਨਾ ਸ਼ੈਲਰਾਂ 'ਚ ਨਾ ਲਾਉਣ ਦਾ ਐਲਾਨ ਕੀਤਾ ਗਿਆ, ਜਿਸ ਦਾ ਕਾਰਨ ਪਿਛਲੇ ਸਾਲ ਦਾ ਝੋਨਾ ਹਾਲੇ ਤਕ ਗੋਦਾਮਾਂ 'ਚ ਪਿਆ ਹੋਣਾ ਹੈ। ਸੰਧੂ ਨੇ ਕਿਹਾ ਕਿ ਦੂਜੇ ਸੂਬਿਆਂ 'ਚ ਚੌਲ ਦੀ ਮੰਗ ਨਾ ਹੋਣ ਕਰ ਕੇ ਜ਼ਿਲ੍ਹੇ ਦੇ ਸਾਰੇ ਗੋਦਾਮ ਚੌਲਾਂ ਨਾਲ ਭਰੇ ਪਏ ਹਨ ਅਤੇ ਜ਼ਿਲ੍ਹੇ ਦੀਆਂ ਮੰਡੀਆਂ 'ਚ ਹਾੜ੍ਹੀ ਦੇ ਸੀਜ਼ਨ 'ਚ ਖਰੀਦੀ ਕਣਕ ਦੇ ਸਟਾਕ ਲੱਗੇ ਪਏ ਹਨ, ਜੇਕਰ ਮੰਡੀਆਂ 'ਚ ਕਣਕ ਇਸੇ ਤਰ੍ਹਾਂ ਪਈ ਰਹੀ ਤਾਂ ਮੰਡੀਆਂ 'ਚ ਕਿਸਾਨਾਂ ਨੂੰ ਝੋਨਾ ਵੇਚਣ 'ਚ ਦਿੱਕਤ ਆਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀ ਵੀ ਸ਼ੈਲਰਾਂ ਪ੍ਰਤੀ ਸਪੱਸ਼ਟ ਨਹੀਂ ਕਿਉਂਕਿ ਸਰਕਾਰ ਵੱਲੋਂ ਨਵੇਂ ਸੀਜ਼ਨ ਨੂੰ ਲੈ ਕੇ ਚੌਲਾਂ 'ਤੇ ਲੱਗਣ ਵਾਲੇ ਕੁਆਲਟੀ ਕੱਟ 'ਤੇ ਵਿਆਜ ਵਸੁੂਲਣ ਦੀ ਗੱਲ ਆਖੀ ਜਾ ਰਹੀ ਹੈ, ਜੋ ਪਹਿਲਾਂ ਕਦੇ ਵੀ ਨਹੀਂ ਹੋਇਆ। ਇਸ ਦੇ ਨਾਲ ਹੀ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਹੁਕਮਾਂ ਤਹਿਤ ਪ੍ਰਤੀ ਸ਼ੈਲਰ 5 ਲੱਖ ਰੁਪਏ ਸਕਿਓਰਿਟੀ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਉਨ੍ਹਾਂ ਦੇ ਪਿਛਲੇ ਸਾਲ ਦੇ ਸਰਕਾਰ ਕੋਲ 5-5 ਲੱਖ ਰੁਪਏ ਜਮ੍ਹਾ ਪਏ ਹਨ, ਜੋ ਹਾਲੇ ਤਕ ਰਿਫੰਡ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਸ਼ੈਲਰ ਮਾਲਕਾਂ ਨੂੰ ਪਿਛਲੇ ਦੋ ਸਾਲ ਦੀ ਮਿਿਲੰਗ ਦੇ ਬਿੱਲਾਂ ਦਾ ਵੀ ਭੁਗਤਾਨ ਨਹੀਂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਬਾਰਦਾਨੇ ਲਈ ਜਾਰੀ ਕੀਤੇ ਰੇਟ ਨਾਲੋਂ 10 ਫ਼ੀਸਦੀ ਜ਼ਿਆਦਾ ਏਜੰਸੀਆਂ ਵੱਲੋਂ ਸ਼ੈਲਰ ਮਾਲਕਾਂ ਤੋਂ ਵਸੂਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮਿਿਲੰਗ ਨੂੰ ਲੈ ਕੇ ਆਪਣੀ ਨੀਤੀ ਨਾ ਬਦਲੀ ਤਾਂ ਪੰਜਾਬ ਭਰ ਦੇ ਸ਼ੈਲਰ ਮਾਲਕ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਨਕੇਸ਼ ਜਿੰਦਲ, ਸਤੀਸ਼ ਕੁਮਾਰ, ਰਾਕੇਸ਼ ਕੁਮਾਰ, ਲਖਵੀਰ ਸਿੰਘ ਥਾਬਲਾਂ, ਵਿਨੋਦ ਕੁਮਾਰ, ਦਰਬਾਰਾ ਸਿੰਘ, ਰਮਜੀਤ ਸਿੰਘ, ਦੇਵ ਰਾਜ ਸ਼ਰਮਾ, ਰੋਸ਼ਨ ਲਾਲ, ਵਿਨੋਦ ਗੁਪਤਾ ਆਦਿ ਮੌਜੂਦ ਸਨ।