ਵਿਧਾਇਕ ਰਾਏ ਨੇ ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ
ਵਿਧਾਇਕ ਲਖਬੀਰ ਸਿੰਘ ਰਾਏ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਉਮੀਦਵਾਰਾਂ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ
Publish Date: Sun, 07 Dec 2025 06:11 PM (IST)
Updated Date: Sun, 07 Dec 2025 06:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਹਲਕਾ ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਦੇ ਹੱਕ ’ਚ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਗਿਆ। ਵਿਧਾਇਕ ਰਾਏ ਨੇ ਪਿੰਡ ਮਹੱਦੀਆਂ ਤੋਂ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਮਾਧੋਪੁਰ, ਭੱਟ ਮਾਜਰਾ, ਸੈਦਪੁਰਾ, ਸਾਨੀਪੁਰ, ਸਿੱਧੂਪੁਰ, ਤਰਖਾਣ ਮਾਜਰਾ, ਮਲਕਪੁਰ, ਚਨਾਲੋ ਅਤੇ ਮਢੋਰ ਆਦਿ ਪਿੰਡਾਂ ਵਿਚ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਚ ਵੱਡੇ ਸੁਧਾਰ ਕਰਦਿਆਂ ਸਰਕਾਰੀ ਸਕੂਲਾਂ ਦਾ ਦਰਜ਼ਾ ਬਿਹਤਰ ਕੀਤਾ ਗਿਆ, ਜਿਸ ਕਾਰਨ ਅੱਜ ਪੰਜਾਬ ਦੇ ਸਕੂਲ ਦੇਸ਼ ਵਿਚ ਪਹਿਲੇ ਸਥਾਨ ’ਤੇ ਹਨ। ਸਿਹਤ ਖੇਤਰ ਵਿਚ ਵੀ ਵਿਸ਼ਾਲ ਸੁਧਾਰ ਕੀਤੇ ਗਏ ਹਨ। ਆਮ ਆਦਮੀ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਮੁਫ਼ਤ ਦਵਾਈਆਂ ਅਤੇ ਖੂਨ ਦੇ ਟੈਸਟ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਸਰਕਾਰੀ ਹਸਪਤਾਲਾਂ ਦੀ ਨੁਹਾਰ ਬਦਲਣ ਲਈ ਵੀ ਮਹੱਤਵਪੂਰਨ ਕਦਮ ਚੁੱਕੇ ਗਏ, ਜਿਸ ਨਾਲ ਲੋਕਾਂ ਦਾ ਭਰੋਸਾ ਸਰਕਾਰੀ ਸਿਹਤ ਸਹੂਲਤਾਂ ਉੱਤੇ ਮੁੜ ਬਣਿਆ ਹੈ। ਵਿਧਾਇਕ ਰਾਏ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪਿਛਲੇ 70 ਸਾਲਾਂ ਵਿਚ ਆਪਣੇ ਸਵਾਰਥ ਸਿਵਾਏ ਕੁੱਝ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ ਸਰਕਾਰ ਨੇ ਸੂਬੇ ਦੇ 60 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਅਪੀਲ ਕੀਤੀ ‘ਆਪ’ ਦੇ ਉਮੀਦਵਾਰਾਂ ਨੂੰ ਵੋਟ ਦੇ ਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਵਿਚ ਭੇਜਿਆ ਜਾਵੇ। ਇਸ ਮੌਕੇ ਦਿਲਪ੍ਰੀਤ ਸਿੰਘ ਭੱਟੀ, ਕੁਲਵਿੰਦਰ ਸਿੰਘ ਡੇਰਾ, ਲਖਵਿੰਦਰ ਸਿੰਘ ਮਾਧੋਪੁਰ, ਗੁਰਬਖ਼ਸ਼ ਸਿੰਘ ਮਾਧੋਪੁਰ, ਅਮਰੀਕ ਸਿੰਘ ਬਾਲਪੁਰ, ਅਸ਼ਵਨੀ ਭੱਟ ਮਾਜਰਾ, ਇੰਦਰਦੀਪ ਸਿੰਘ ਸਾਨੀਪੁਰ, ਸਰਪੰਚ ਮਲਕੀਤ ਸਿੰਘ, ਬਿਕਰਮਜੀਤ ਤਰਖਾਣ ਮਾਜਰਾ ਆਦਿ ਵੀ ਮੌਜੂਦ ਸਨ।