ਪੱਤਰ ਪ੍ਰਰੇਰਕ,ਫਤਹਿਗੜ੍ਹ ਸਾਹਿਬ: ਗੁਰੂ ਘਰ ਪ੍ਰਬੰਧ ਸੁਧਾਰ ਲਹਿਰ ਦੇ ਇਕ ਵਫਦ ਨੇ ਮੁੱਖ ਸੇਵਾਦਾਰ ਜਥੇਦਾਰ ਰਤਨ ਸਿੰਘ ਦੀ ਅਗਵਾਈ ਵਿੱਚ ਮੀਤ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ ਨੂੰ ਇਕ ਮੰਗ ਪੱਤਰ ਪ੍ਰਧਾਨ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਗੋਂਵਾਲ ਦੇ ਨਾਮ ਦਿੱਤਾ ਜਿਸ ਵਿੱਚ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸੰਗਤ ਤੋਂ ਇਕੱਠੀ ਕੀਤੀ ਗਈ ਸੇਵਾ ਦੇ ਨਾਮ 'ਤੇ 2000 ਕੁਇੰਟਲ ਦੇ ਕਰੀਬ ਕਣਕ ਨੂੰ ਬੋਲੀ ਰਾਹੀਂ ਨਾ ਵੇਚਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਕਣਕ ਗੁਰੂ ਘਰ ਦੇ ਮੁਲਾਜ਼ਮ ਜੋ 10 ਹਜ਼ਾਰ ਤੋਂ ਘੱਟ ਤਨਖਾਹ ਲੈ ਰਹੇ ਹਨ ਜਾਂ ਆਮ ਗਰੀਬ ਸਿੱਖ ਜਿਨ੍ਹਾਂ ਦਾ ਗੁਜਾਰਾ ਅੌਖਾ ਹੁੰਦਾ ਹੈ ਨੂੰ ਵੰਡ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੰਗਤੀ ਪ੍ਰਬੰਧ ਰਾਹੀਂ ਚੱਲ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਮਰਜੀ ਦੇ ਫੈਸਲਿਆਂ ਨਾਲ ਸਿੱਖ ਧਰਮ ਦੀ ਦੁਨੀਆਂ ਭਰ ਵਿੱਚ ਬਦਨਾਮੀ ਹੋ ਰਹੀ ਹੈ ਅਤੇ ਜਿਸ ਕਾਰਜ ਲਈ ਇਹ ਕਣਕ ਜਿੰਮੀਦਾਰਾਂ ਤੋਂ ਇਕੱਤਰ ਕੀਤੀ ਗਈ ਹੈ ਉਸੇ ਮੰਤਵ ਭਾਵ ਕਿ ਲੰਗਰ ਲਈ ਹੀ ਵਰਤੀ ਜਾਵੇ। ਵਫਦ ਨੇ ਇਹ ਵੀ ਮੰਗ ਕੀਤੀ ਕਿ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ 'ਚ ਹੁਣ ਵੀ ਇਥੇ ਮੈਨੇਜਰ ਦੇ ਦਫਤਰ ਨਾਲ ਬਣਿਆਂ ਵਿਸ਼ਰਾਮ ਘਰ ਜਿਸ ਨੂੰ ਰੈਸਟ ਹਾਊਸ ਵੀ ਕਹਿੰਦੇ ਹਨ ਦੇ ਵਿੱਚ ਹਰ ਰੋਜ ਸਿੱਖ ਨੇਤਾ, ਹੋਰ ਵਰਗ ਦੇ ਮੁਲਾਜ਼ਮ ਤੇ ਪਤਿਤ ਸਿੱਖ ਮਾਤਾ ਗੁਜਰੀ ਲੰਗਰ 'ਚੋਂ ਸਪੈਸ਼ਲ ਆਇਆ ਲੰਗਰ ਸੋਫਾ ਸੈਟ, ਡਬਲਬੈੱਡ, ਕੁਰਸੀਆਂ 'ਤੇ ਬੈਠ ਕੇ ਜੁਤੀਆਂ ਪਹਿਨ ਕੇ ਵੀਆਈਪੀ ਦੀ ਤਰ੍ਹਾਂ ਛੱਕਦੇ ਹਨ। ਜਿਸ ਨੂੰ ਪਹਿਲਾ ਮੈਨੇਜਰ ਵੱਲੋਂ ਭਰੋਸਾ ਦੇਣ ਉਪਰੰਤ ਵੀ ਬੰਦ ਨਹੀ ਕੀਤਾ ਗਿਆ ਜੋ ਕਿ ਗੁਰਮਰਿਆਦਾ ਅਨੁਸਾਰ ਗਲਤ ਹੈ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਵੀ ਲੰਗਰ ਪੰਗਤ 'ਚ ਬੈਠ ਕੇ ਛਕਣ ਲਈ ਬਿਆਨ ਦਿੱਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮਰਿਆਦਾ ਲਾਗੂ ਕਰਕੇ ਲੰਗਰ ਸਿਰਫ ਸੰਗਤ 'ਚ ਬੈਠ ਕੇ ਲੰਗਰ ਹਾਲ ਵਿੱਚ ਹੀ ਛਕਣਾ ਜ਼ਰੂਰੀ ਕੀਤਾ ਜਾਵੇ। ਵਫਦ ਵੱਲੋਂ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ। ਇਸ ਵਫਦ ਵਿੱਚ ਜਥੇਦਾਰ ਰਤਨ ਸਿੰਘ ਤੋਂ ਇਲਾਵਾ ਬਲਵੀਰ ਸਿੰਘ ਹੁਸੈਨਪੁਰਾ, ਅਜੀਤ ਸਿੰਘ ਬੱਸੀ ਪਠਾਣਾ, ਗੁਰਮੀਤ ਸਿੰਘ ਗੰਢੂਆਂ, ਨਿਰਮਲ ਸਿੰਘ ਪਟਵਾਰੀ, ਗੁਰਨਾਮ ਸਿੰਘ ਸ਼ਾਮਲ ਸਨ। ਮੀਤ ਮੈਨੇਜਰ ਬਲਵਿੰਦਰ ਸਿੰਘ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੰਗ ਮੈਨੇਜਰ ਕਰਮ ਸਿੰਘ ਤੱਕ ਪਹੰੁਚਾ ਦੇਣਗੇ।