ਪੱਤਰ ਪ੍ਰੇਰਕ, ਫ਼ਤਹਿਗੜ੍ਹ ਸਾਹਿਬ : ਅਕਾਲੀ ਦਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਜਥੇਦਾਰ ਸਵਰਨ ਸਿੰਘ ਚਨਾਰਥਲ ਨੇ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਵਾਲੇ ਆਗੂਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਅਕਾਲੀ ਦਲ ਨੂੰ ਖੋਰਾ ਲਾਉਣ ਅਤੇ ਪਾਰਟੀ ਵਿਰੋਧੀ ਕਾਰਵਾਈਆਂ ਨੂੰ ਲੈ ਕੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨਾਲ ਸਬੰਧਤ ਹਲਕਾ ਬੱਸੀ ਪਠਾਣਾ ਦੇ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਸੀਨੀਅਰ ਅਹੁਦੇਦਾਰਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਹੈ।

ਫਤਹਿਗੜ੍ਹ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਥੇਦਾਰ ਚਨਾਰਥਲ ਨੇ ਕਿਹਾ ਕਿ ਅਕਾਲੀ ਦਲ ਖ਼ਿਲਾਫ਼ ਕਾਰਵਾਈਆਂ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਤੋਂ ਸਾਬਕਾ ਵਿਧਾਇਕ ਨਿਰਮਲ ਸਿੰਘ, ਅਕਾਲੀ ਦਲ ਦੇ ਜ਼ਿਲ੍ਹਾ ਸਕੱਤਰ ਜਨਰਲ ਲਖਵੀਰ ਸਿੰਘ ਥਾਬਲਾਂ, ਅਕਾਲੀ ਦਲ ਦੇ ਜ਼ਿਲ੍ਹਾ ਅਨੁਸ਼ਾਸਨਿਕ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਪਿਛਲੇ ਕਾਫੀ ਸਮੇਂ ਤੋਂ ਅਕਾਲੀ ਦਲ ਖ਼ਿਲਾਫ਼ ਕਾਰਵਾਈਆਂ ਕਰਦੇ ਆ ਰਹੇ ਸਨ, ਜਿਸ ਕਾਰਨ ਪਾਰਟੀ ਨੂੰ ਇਹ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ।

ਇਸ ਦੇ ਨਾਲ ਹੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੀ ਬਦੌਲਤ ਹੀ ਉਨ੍ਹਾਂ ਆਗੂਆਂ ਨੇ ਸੱਤਾ ਦਾ ਰਾਜਭਾਗ ਮਾਣਿਆ ਤੇ ਹੁਣ ਆਪਣੇ ਨਿੱਜੀ ਹਿੱਤਾਂ ਦੇ ਨਾਲ-ਨਾਲ ਉਨ੍ਹਾਂ ਵੱਲੋਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕਈ ਕਾਰਵਾਈਆਂ ਚਲਾਈਆਂ ਹੋਈਆਂ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ, ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਮਠਾੜੂ, ਕੁਲਵੰਤ ਸਿੰਘ ਖਰੌੜਾ ਸਾਬਕਾ ਸਰਕਲ ਪ੍ਰਧਾਨ ਮੂਲੇਪੁਰ, ਬਹਾਦਰ ਸਿੰਘ ਚੋਲਟੀ ਖੇੜੀ, ਮਹਿੰਦਰ ਸਿੰਘ ਅਤਾਪੁਰ ਆਦਿ ਮੌਜੂਦ ਸਨ।