ਪੱਤਰ ਪੇ੍ਰਕ, ਫ਼ਤਹਿਗੜ੍ਹ ਸਾਹਿਬ : ਐੱਮਪੀ ਡਾ. ਅਮਰ ਸਿੰਘ ਸ਼੍ਰੀ ਫਤਹਿਗੜ੍ਹ ਸਾਹਿਬ ਨੇ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਲੋਕ ਸਭਾ ਹਲਕੇ ਸ੍ਰੀ ਫਤਹਿਗੜ੍ਹ ਸਾਹਿਬ ਵਿਚ ਪੈਂਦੇ ਸਾਰੇ ਸਿਵਲ ਹਸਪਤਾਲਾਂ ਲਈ ਵੱਡੀ ਸਮਰੱਥਾ ਵਾਲੇ ਪੀਐੱਸਏ ਆਕਸੀਜਨ ਪਲਾਂਟ ਮਨਜ਼ੂਰ ਕਰਨ ਦੀ ਬੇਨਤੀ ਕੀਤੀ। ਡਾ. ਸਿੰਘ ਨੇ ਕਿਹਾ ਕਿ ਪਿਛਲੀ ਕੋਵਿਡ ਲਹਿਰ ਦੌਰਾਨ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਸਾਹਮਣੇ ਆਏ ਮਾਮਲਿਆਂ ਨੂੰ ਵੇਖਦਿਆਂ ਇਹ ਜ਼ਰੂਰੀ ਹੈ ਕਿ ਸਾਰੇ ਵੱਡੇ ਸਰਕਾਰੀ ਹਸਪਤਾਲ ਆਕਸੀਜਨ ਦੀ ਸਪਲਾਈ ਵਿੱਚ ਸਵੈ-ਨਿਰਭਰ ਹੋਣੇ ਚਾਹੀਦੇ ਹਨ। ਹੁਣ ਤਕ ਉਪਲੱਬਧ ਸਭ ਤੋਂ ਵਧੀਆ ਪੀਐੱਸਏ ਆਕਸੀਜਨ ਪਲਾਂਟ ਡੀਆਰਡੀਓ ਦੇ ਸਨ, ਜੋ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੀਤੇ ਜਾ ਰਹੇ ਹਨ। ਉਨ੍ਹਾਂ ਕੇਂਦਰੀ ਸਿਹਤ ਸਕੱਤਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਹਲਕੇ ਵਿਚ ਪੈਂਦੇ ਹਸਪਤਾਲਾਂ ਲਈ ਆਕਸੀਜਨ ਕੰਸਨਟ੍ਰੇਟਰਾਂ, ਆਕਸੀਜਨ ਸਿਲੰਡਰਾਂ ਅਤੇ ਹੋਰ ਜ਼ਰੂਰੀ ਉਪਕਰਨਾਂ ਦੀ ਮਨਜ਼ੂਰੀ ਦੇਣ ਲਈ ਵੀ ਬੇਨਤੀ ਕੀਤੀ।