ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ

ਘੱਟ ਗਿਣਤੀ ਅਤੇ ਦਲਿਤ ਦਲ ਪੰਜਾਬ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਵਿੱਚ ਖੇਤੀ ਨਾਲ ਸਬੰਧਤ ਆਰਡੀਨੈਂਸਾਂ ਦਾ ਵਿਰੋਧ ਅਤੇ ਕਿਸਾਨਾਂ ਦੇ ਹੱਕ ਵਿੱਚ ਬਿਆਨ ਦੇ ਕੇ ਅਕਾਲੀ ਦਲ ਦੀ ਪੰਜਾਬ ਦੇ ਕਿਸਾਨਾਂ ਨਾਲ ਪੁਰਾਣੀ ਸਾਂਝ ਹੋਣ ਦਾ ਸਬੂਤ ਦਿੱਤਾ। ਉਨ੍ਹਾਂ ਪਹਿਲਾਂ ਵੀ ਕੇਂਦਰੀ ਮੰਤਰੀ ਤੋਂ ਅੱੈਮਅੱੈਸਪੀ ਦੇ ਸਬੰਧ ਵਿਚ ਲਿਖਤੀ ਪੱਤਰ ਲਿਆ ਕੇ ਕਿਸਾਨਾਂ ਦੇ ਸ਼ੰਕੇ ਦੂਰ ਕਰਨ ਦਾ ਯਤਨ ਕੀਤਾ। ਸ. ਮਾਧੋਪੁਰ ਨੇ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹੱਕਾਂ ਲਈ ਕੋਈ ਵੀ ਕੁਰਬਾਨੀ ਅਤੇ ਜੱਦੋ ਜਹਿਦ ਕਰਨ ਦੇ ਐਲਾਨ ਦੀ ਸ਼ਲਾਘਾ ਕੀਤੀ। ਦੂਜੇ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਕਿਉਂਕਿ ਖੇਤੀ ਸਬੰਧੀ ਆਰਡੀਨੈਂਸ ਲੋਕ ਸਭਾ ਵਿੱਚ ਪੇਸ਼ ਕਰਨ ਵੇਲੇ ਇਹ ਗੱਲ ਲੋਕਾਂ ਦੇ ਸਾਹਮਣੇ ਆ ਗਈ ਕਿ ਇਨ੍ਹਾਂ ਆਰਡੀਨੈਂਸਾਂ ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਤੋਂ ਪਹਿਲਾਂ ਮਨਜੂਰੀ ਦੇਣ ਵਾਲੀ ਕਮੇਟੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੈਂਬਰ ਸਨ। ਪਹਿਲੀ ਮੀਟਿੰਗ ਵਿੱਚ ਉਹ ਆਪ ਸ਼ਾਮਲ ਹੋਏ ਅਤੇ ਦੂਜੀ ਮੀਟਿੰਗ ਵਿੱਚ ਖਜਾਨਾ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਸ਼ਾਮਲ ਹੋਏ, ਪਰ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਆ ਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਅਤੇ ਪੰਜਾਬ ਵਿਧਾਨ ਸਭਾ 'ਚ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਦਾ ਮਹਿਜ ਇੱਕ ਡਰਾਮਾ ਕੀਤਾ ਜਦੋਂ ਕਿ ਕੇਂਦਰ ਸਰਕਾਰ ਨੂੰ ਭੇਜੇ ਪੱਤਰ ਵਿੱਚ ਸਿਰਫ ਅਪੀਲ ਹੀ ਕੀਤੀ ਗਈ ਹੈ। ਉਕਤ ਆਗੂ ਨੇ ਜਿੱਥੇ ਅਕਾਲੀ ਦਲ ਦੀ ਕਿਸਾਨਾਂ ਦੇ ਹੱਕਾਂ ਲਈ ਡਟਕੇ ਖੜ੍ਹਨ ਦੀ ਸ਼ਲਾਘਾ ਕੀਤੀ ਉੱਥੇ ਹੀ ਕਾਂਗਰਸ ਸਰਕਾਰ ਵੱਲੋਂ ਅਪਣਾਏ ਗਏ ਦੋਹਰੇ ਮਾਪਦੰਡਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।