ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਬਾਇਓ ਤਕਨਾਲੌਜੀ ਵਿਭਾਗ ਵਲੋਂ ਐਨੀਮਲ ਸੈੱਲ ਕਲਚਰ ਤਕਨੀਕ ਵਿਸ਼ੇ 'ਤੇ ਆਨਲਾਇਨ ਗੈਸਟ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਵਿਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ ਡਾ. ਦੀਪਕ ਡੇਕਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਟਿਸ਼ੂ ਕਲਚਰ ਤਕਨੀਕ ਅਤੇ ਐਪਲੀਕੇਸ਼ਨਜ਼ ਆਫ਼ ਟਿਸ਼ੂ ਕਲਚਰ ਤਕਨਾਲੌਜੀ ਵਿਸ਼ੇ 'ਤੇ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਕਾਲਜ ਦੇ ਡਾਇਰੈਕਟਰ ਪਿੰ੍ਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ ਅਤੇ ਸਮੇਂ ਦੀ ਜ਼ਰੂਰਤ ਹੈ ਕਿ ਵਿਗਿਆਨ ਦਾ ਲੜ ਫੜ੍ਹ ਕੇ ਅੱਗੇ ਵਧਿਆ ਜਾਵੇ। ਡਾ. ਸਿੰਘ ਨੇ ਕਿਹਾ ਕਿ ਸੈੱਲ ਕਲਚਰ ਨੂੰ ਜੇਕਰ ਸਮਝ ਲਿਆ ਜਾਵੇ ਤਾਂ ਕੈਂਸਰ ਵਰਗੀਆਂ ਬਹੁਤ ਸਾਰੀਆਂ ਨਾਮੁਰਾਦ ਬਿਮਾਰੀਆਂ ਦਾ ਇਲਾਜ ਸੰਭਵ ਹੈ ਅਤੇ ਨੌਜਵਾਨ ਵਰਗ ਨੂੰ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਬਾਇਓਟੈੱਕ ਵਿਭਾਗ ਦੀ ਇਸ ਉਪਰਾਲੇ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਯਤਨਸ਼ੀਲ ਰਿਹਾ ਹੈ ਅਤੇ ਅੱਗੋਂ ਵੀ ਅਜਿਹੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ ਬਾਇਓ ਤਕਨਾਲੌਜ਼ੀ ਵਲੋਂ ਕਾਲਜ ਨੂੰ ਪਹਿਲਾਂ ਹੀ ਸਟਾਰ ਕਾਲਜ ਸਕੀਮ ਲਿਆ ਜਾ ਚੁੱਕਾ ਹੈ ਅਤੇ ਕਾਲਜ ਵੱਲੋਂ ਵਿਦਿਆਰਥੀਆਂ ਲਈ ਹਰ ਆਧੁਨਿਕ ਸੁਵਿਧਾ ਨਾਲ ਭਰਪੂਰ ਲੈਬਸ ਮੁਹੱਈਆ ਕਰਵਾਈਆਂ ਗਈਆਂ ਹਨ, ਤਾਂ ਜੋ ਵਿਦਿਆਰਥੀ ਨਵੀਆਂ ਕੋਸ਼ਿਸ਼ਾਂ ਨੂੰ ਅੰਜ਼ਾਮ ਦੇ ਸਕਣ ਅਤੇ ਇਕ ਬਿਹਤਰ ਕੱਲ ਦੀ ਸਿਰਜਣਾ ਵਿਚ ਹਿੱਸਾ ਪਾ ਸਕਣ। ਡਾ. ਦੀਪਕ ਨੇ ਕਿਹਾ ਕਿ ਹੁਣ ਸਮੇਂ ਦੀ ਜ਼ਰੂਰਤ ਹੈ ਕਿ ਵਿਦਿਆਰਥੀਆਂ ਨੂੰ ਐਨੀਮਲ ਸੈੱਲ ਕਲਚਰ ਤਕਨੀਕ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਇਕ ਬਿਹਤਰ ਕੱਲ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਵਿਦਿਆਰਥੀਆਂ 'ਚੋਂ ਉਪਜਦੀਆਂ ਹਨ। ਉਨ੍ਹਾਂ ਕਿਹਾ ਕਿ ਨਿੱਤ ਨਵੀਆਂ ਪੈਦਾ ਹੋ ਰਹੀਆਂ ਬਿਮਾਰੀਆਂ ਜਿੱਥੇ ਵਿਗਿਆਨ ਲਈ ਚੁਣੌਤੀਆਂ ਪੈਦਾ ਕਰਦੀਆਂ ਹਨ ਉੱਥੇ ਇਨ੍ਹਾਂ ਤੋ ਬਚਾਅ ਦਾ ਰਸਤਾ ਵੀ ਵਿਗਿਆਨ ਵਿਚੋਂ ਹੀ ਲੱਭ ਸਕਦਾ ਹੈ ਇਸ ਲਈ ਵਿਦਿਆਰਥੀਆਂ ਨੂੰ ਇਸ ਵਿਸ਼ੇ 'ਤੇ ਗੰਭੀਰਤਾ ਨਾਲ ਸੋਚਣ ਅਤੇ ਕੰਮ ਕਰਨ ਦੀ ਜ਼ਰੂਰਤ ਹੈ। ਬਾਇਓ ਤਕਨਾਲੌਜੀ ਵਿਭਾਗ ਦੇ ਮੁਖੀ ਡਾ. ਜਗਦੀਸ਼ ਸਿੰਘ ਨੇਕਿਹਾ ਕਿ ਕੋਵਿਡ 19 ਕਾਰਨ ਹੋਏ ਲਾਕਡਾਊਨ ਕਾਰਨ ਸਾਰੇ ਵਿਦਿਆਰਥੀ ਘਰਾਂ ਵਿਚ ਰਹਿਣ ਲਈ ਮਜ਼ਬੂਰ ਹਨ ਪਰ ਕਾਲਜ ਵਲੋਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਅਜਿਹੀ ਗੈਸਟ ਲੈਕਚਰ ਅਤੇ ਪ੍ਰਰੋਗਰਾਮ ਅੱਗੇ ਵੀ ਵਿਭਾਗ ਵਲੋਂ ਉਲੀਕੇ ਜਾਣਗੇ।