ਗੁਰਪ੍ਰੀਤ ਸਿੰਘ ਮਹਿਕ, ਫਤਿਹਗੜ੍ਹ ਸਾਹਿਬ : ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਹਾਰਨਪੁਰ ਵਿਚ ਗ਼ੈਰ-ਕਾਨੂੰਨੀ ਗੋਦਾਮ ਵਿਚ ਛਾਪਾਮਾਰੀ ਦੌਰਾਨ ਫਾਰਮਾ ਓਪੀਔਡਜ਼ ਦੀਆਂ 7 ਲੱਖ ਤੋਂ ਵੱਧ ਗੋਲੀਆਂ/ਕੈਪਸੂਲ/ਟੀਕੇ ਜ਼ਬਤ ਕਰਨ ਦਾ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਮੁੱਖ ਸਪਲਾਇਰ ਨੂੰ ਫੜਿਆ ਹੈ ਜਿਸ ਦੀ ਪਛਾਣ ਆਸ਼ੀਸ਼ ਵਿਸ਼ਕਵਰਮਾ ਵਜੋਂ ਹੋਈ ਹੈ। ਇਹ ਮੁਲਜ਼ਮ ਸਹਾਰਨਪੁਰ, ਯੂਪੀ ਵਿਚ ਆਈਟੀਸੀ ਨੇੜੇ ਖਲਾਸੀ ਲਾਈਨ ਦਾ ਵਸਨੀਕ ਹੈ। ਮੁਲਜ਼ਮ ਵਿਸ਼ਵਕਰਮਾ ਪੰਜ ਸਾਲਾਂ ਤੋਂ ਫਤਹਿਗੜ੍ਹ ਸਾਹਿਬ, ਐੱਸਏਐੱਸ ਨਗਰ, ਐੱਸਬੀਐੱਸ ਨਗਰ, ਰੂਪਨਗਰ, ਪਟਿਆਲਾ ਤੇ ਲੁਧਿਆਣਾ ਵਿਚ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਕਰ ਰਿਹਾ ਸੀ। ਐੱਨਡੀਪੀਐੱਸ ਐਕਟ ਤਹਿਤ ਦਰਜ ਘੱਟੋ-ਘੱਟ ਚਾਰ ਵਪਾਰਕ ਮਾਮਲਿਆਂ ਵਿਚ ਇਹ ਮੁਲਜ਼ਮ ਲੋੜੀਂਦਾ ਸੀ।

ਇਸ ਬਾਰੇ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ 4.98 ਲੱਖ ਲੋਮੋਟਿਲ ਗੋਲੀਆਂ, 97200 ਗੋਲੀਆਂ ਅਲਪ੍ਰਾਜੋਲਮ, 75,840 ਪ੍ਰੋਕਸੀਵੋਨ ਕੈਪਸੂਲ, 21600 ਵਾਇਲਜ਼ ਏਵਲ, 16600 ਇੰਜੈਕਸ਼ਨ ਬੁਪੇ੍ਰਨੋਰਫੀਨ , 550 ਟ੍ਰਾਮਾਡੋਲ ਦੀਆਂ ਗੋਲੀਆਂ ਬਰਾਮਦ ਕੀਤੀਆਂ। ਚਮਕੌਰ ਸਾਹਿਬ ਦੇ ਵਸਨੀਕਾਂ ਸੁਖਵਿੰਦਰ ਸਿੰਘ ਕਾਲਾ ਅਤੇ ਹਰਜਸਪ੍ਰੀਤ ਸਿੰਘ ਜੱਸਾ ਪਾਸੋਂ ਬੁਪਰੇਨੋਰਫਾਈਨ ਦੇ 175 ਟੀਕੇ ਤੇ ਏਵਲ ਦੇ 175 ਵਾਇਲਜ਼ ਬਰਾਮਦ ਕੀਤੇ ਗਏ ਸਨ। ਇਸ ਤੋਂ ਬਾਅਦ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀ.ਆਈ.ਏ.) ਸਰਹਿੰਦ ਦੀਆਂ ਪੁਲਿਸ ਟੀਮਾਂ ਨੇ ਕੇਸ ਦੀ ਤਫਤੀਸ਼ ਦੇ ਹਿੱਸੇ ਵਜੋਂ 14 ਜੁਲਾਈ ਨੂੰ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਦੀ ਅਗਵਾਈ ਹੇਠ ਉੱਤਰ ਪ੍ਰਦੇਸ਼ ਪੁਲਿਸ ਦੀ ਮੌਜੂਦਗੀ ਵਿਚ ਸਟੋਰੇਜ ਗੋਦਾਮ ’ਤੇ ਛਾਪੇਮਾਰੀ ਕੀਤੀ ।

ਫਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਗ੍ਰਿਫਤਾਰ ਅਨਸਰ ਵਿਸ਼ਵਕਰਮਾ ਨੂੰ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰ ਕੇ ਪੰਜਾਬ ਲਿਆਂਦਾ ਗਿਆ ਹੈ। ਡੀਐੱਸਪੀ ਇਨਵੈਸਟੀਗੇਸ਼ਨ ਜਸਪਿੰਦਰ ਸਿੰਘ ਗਿੱਲ ਤੇ ਡੀਐੱਸਪੀ ਬੱਸੀ ਪਠਾਣਾ ਅੰਮ੍ਰਿਤਪਾਲ ਸਿੰਘ ਨ ਕਾਰਵਾਈ ਨੂੰ ਅੰਜਾਮ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਹੈ।

Posted By: Shubham Kumar