ਬਿਕਰਮਜੀਤ ਸਹੋਤਾ/ਰਾਜਿੰਦਰ ਸਿੰਘ ਭੱਟ: ਫ਼ਤਹਿਗੜ੍ਹ ਸਾਹਿਬ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਾਰੇ ਭਾਰਤ ਵਿੱਚ ਅਗਨੀਪੱਥ ਯੋਜਨਾ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਤੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇਣ ਦੀ ਦਿੱਤੀ ਕਾਲ ਅਨੁਸਾਰ ਜਸਵੀਰ ਸਿੰਘ ਸਿੱਧੂਪੁਰ ਦੀ ਅਗਵਾਈ 'ਚ ਜ਼ਿਲ੍ਹਾ ਸਕੱਤਰੇਤ ਦਫਤਰ ਫਤਹਿਗੜ੍ਹ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਉਪਰੰਤ ਡਿਪਟੀ ਕਮਿਸ਼ਨਰ ਫਤਹਿਗੜ੍ਹ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ। ਗੁਰਜਿੰਦਰ ਸਿੰਘ ਖੋਜੇਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਅਗਨੀਪਥ ਯੋਜਨਾ ਦੇਸ਼ ਦੇ ਨੌਜਵਾਨਾਂ, ਕਿਸਾਨਾਂ ਤੇ ਹਰ ਇੱਕ ਵਰਗ ਲਈ ਘਾਤਕ ਹੈ ਤੇ ਫੌਜ 'ਤੇ ਹੀ ਹਰ ਕਿਸੇ ਦੇਸ਼ ਦੀ ਪ੍ਰਭੂਸੱਤਾ ਦਾ ਦਾਰੋਮਦਾਰ ਹੁੰਦਾ ਹੈ ਜੇ ਉਹ ਹੀ ਪ੍ਰਰਾਈਵੇਟ ਕੰਪਨੀਆਂ ਦੇ ਹੱਥ ਚਲੇ ਜਾਵੇ ਤਾਂ ਕਿਸੇ ਵੀ ਦੇਸ਼ ਨੂੰ ਗੁਲਾਮ ਹੋਣ ਤੋਂ ਦੇਰ ਨਹੀਂ ਲੱਗਦੀ ਜਿਸ ਦੀ ਉਦਾਹਰਨ ਪਿਛੋਕੜ ਵਿੱਚੋਂ ਈਸਟ ਇੰਡੀਆ ਕੰਪਨੀ ਤੋਂ ਸਾਨੂੰ ਮਿਲਦੀ ਹੈ। ਭਾਰਤ ਦੇ ਰਾਜਨੇਤਾਵਾਂ ਬਾਰੇ ਗੱਲ ਕਰਦਿਆਂ ਉਨਾਂ੍ਹ ਕਿਹਾ ਏਥੇ ਸਾਡੇ ਦੇਸ਼ ਦੇ ਰਾਜ ਨੇਤਾ ਤਾਂ 90 ਸਾਲ ਦੀ ਉਮਰ ਵਿੱਚ ਵੀ ਰਿਟਾਇਰ ਨਹੀਂ ਹੁੰਦੇ ਜੋ ਅਗਨੀਪੱਥ ਯੋਜਨਾ ਨੂੰ ਲਾਗੂ ਕਰਨ ਨੂੰ ਫਿਰਦੇ ਹਨ ਅਤੇ ਸਾਡੇ ਬੱਚੇ 23 ਸਾਲ ਦੀ ਉਮਰ ਵਿੱਚ ਹੀ ਰਿਟਾਇਰ ਕਰ ਦਿੱਤੇ ਜਾਣੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਨੌਜਵਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਾਂਤੀਪੂਰਨ ਜ਼ਾਬਤੇ ਵਿੱਚ ਰਹਿ ਕੇ ਹੀ ਅੰਦੋਲਨ ਜਿੱਤੇ ਜਾਂਦੇ ਹਨ ਸਾਰਾ ਦੇਸ਼ ਅਤੇ ਸੰਯੁਕਤ ਕਿਸਾਨ ਮੋਰਚਾ ਦੇਸ਼ ਦੇ ਨੌਜਵਾਨਾਂ ਦੇ ਨਾਲ ਖੜ੍ਹਾ ਹੈ ਅਤੇ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਸੰਘਰਸ਼ ਨੂੰ ਜਿੱਤੇਗਾ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਲਿ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ, ਪ੍ਰਕਾਸ਼ ਸਿੰਘ ਬੱਬਲ ਬਲਾਕ ਪ੍ਰਧਾਨ ਖੇੜਾ, ਗੁਰਦੇਵ ਸਿੰਘ ਸੌਟੀਂ, ਹਜੂਰਾ ਸਿੰਘ, ਕਿ੍ਰਪਾਲ ਸਿੰਘ ਬਧੋਛੀ, ਬਲਦੇਵ ਸਿੰਘ ਮੁੱਲਾਂਪੁਰ, ਗੁਰਦੀਪ ਸਿੰਘ ਕੋਟਲਾ, ਜਸਬੀਰ ਸਿੰਘ ਚਨਾਰਥਲ, ਨਿਰਮਲ ਸਿੰਘ ਰੁੜਕੀ, ਪਰਮਵੀਰ ਸਿੰਘ ਬਧੋਛੀ, ਰਣਜੀਤ ਸਿੰਘ ਚਰਨਾਥਲ, ਜਸਵਿੰਦਰ ਸਿੰਘ ਝੰਬਾਲਾਂ, ਹਰਮੇਲ ਸਿੰਘ ਭਟੇੜੀ, ਸਤਨਾਮ ਸਿੰਘ ਨੌਗਾਵਾਂ, ਜਗਜੀਤ ਸਿੰਘ, ਰਵਿੰਦਰ ਸਿੰਘ ਆਦਿ ਮੌਜੂਦ ਸਨ।