ਸਟਾਫ ਰਿਪੋਰਟਰ, ਫ਼ਤਹਿਗਡ਼੍ਹ ਸਾਹਿਬ : ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਦੇ ਨਾਂ ਪੱਤਰ ਲਿਖ ਕੇ ਬੰਦੀ ਸਿੰਘਾਂ ਦਾ ਮੁੱਦਾ ਉਭਾਰਿਆ ਹੈ।

ਜਥੇਦਾਰ ਪੰਜੋਲੀ ਨੇ ਪੱਤਰ ’ਚ ਰਾਜਪਾਲ ਨੂੰ ਜਾਣੂ ਕਰਵਾਇਆ ਕਿ ਪੰਥਕ ਸੰਘਰਸ਼ ਦੌਰਾਨ ਬੁਡ਼ੈਲ ਜੇਲ੍ਹ ਤੋਂ ਇਲਾਵਾ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ ਨਜ਼ਰਬੰਦ ਹਨ, ਜਿਨ੍ਹਾਂ ਦਾ ਦੇਸ਼ ਦੀਆਂ ਅਦਾਲਤਾਂ ਤੇ ਸਰਕਾਰਾਂ ਕਦੇ ਵੀ ਇਨਸਾਫ਼ ਨਹੀਂ ਕਰ ਸਕੀਆਂ।

ਜਥੇਦਾਰ ਪੰਜੋਲੀ ਨੇ ਦੱਸਿਆ ਕਿ ਜੇਲ੍ਹ ’ਚ ਲੰਮੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਸਰਕਾਰਾਂ ਬੰਦੀ ਸਿੱਖਾਂ ਬਾਰੇ ਅਜੇ ਤਕ ਫ਼ੈਸਲਾ ਨਹੀਂ ਕਰ ਪਾ ਰਹੀਆਂ। ਉਨ੍ਹਾਂ ਦੱਸਿਆ ਕਿ ਸਿੰਘਾਂ ਦੀ ਰਿਹਾਈ ਲਈ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਥੇਦਾਰ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ’ਚ ਸਮੁੱਚੇ ਖ਼ਾਲਸਾ ਪੰਥ ਦੀ ਇਕ ਸਾਂਝੀ ਕਮੇਟੀ ਬਣਾ ਕੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਆਰੰਭਿਆ ਹੈ, ਜਿਸ ਦੇ ਪਹਿਲੇ ਪਡ਼ਾਅ ਤਹਿਤ 20 ਜੁਲਾਈ ਨੂੰ ਦਿੱਲੀ ਵਿਖੇ ਰੋਸ ਧਰਨਾ ਦਿੱਤਾ ਗਿਆ, ਪ੍ਰੰਤੂ ਅੱਜ ਤਕ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਸਮੇਤ ਸਰਕਾਰੇ ਦਰਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹੁੰਚ ਕੀਤੀ ਗਈ, ਪ੍ਰੰਤੂ ਅੱਜ ਤਕ ਮੈਮੋਰੰਡਮ ਲਈ ਸਮਾਂ ਨਹੀਂ ਦਿੱਤਾ ਗਿਆ।

ਜਥੇਦਾਰ ਪੰਜੋਲੀ ਨੇ ਦੱਸਿਆ ਕਿ ਦਿੱਲੀ ਸਰਕਾਰ ਦੀ ਇਸ ਹੱਠ ਧਰਮੀ ਤੇ ਯੂਟੀ ਪ੍ਰਸ਼ਾਸਨ ਵੱਲੋਂ ਇਨ੍ਹਾਂ ਸਿੰਘਾਂ ਦੀ ਰਿਹਾਈ ਨਾ ਕਰਨ ਕਰਕੇ ਭਾਈ ਲਖਵਿੰਦਰ ਸਿੰਘ ਨਰੰਗਵਾਲ ਨੇ 26 ਜੁਲਾਈ 2022 ਤੋਂ ਬੁਡ਼ੈਲ ਜੇਲ ਚੰਡੀਗਡ਼੍ਹ ਵਿਚ ਭੁੱਖ ਹਡ਼ਤਾਲ ਕੀਤੀ ਹੋਈ ਹੈ ਅਤੇ ਇਸ ਸਬੰਧ ਵਿਚ ਆਈਜੀ ਜੇਲ੍ਹ ਚੰਡੀਗਡ਼੍ਹ ਨੂੰ ਲਿਖਤੀ ਪੱਤਰ ਭੇਜ ਕੇ ਸਾਰੇ ਸਿੰਘਾਂ ਨਾਲ ਮੁਲਾਕਾਤ ਲਈ ਸਮਾਂ ਮੰਗਿਆ, ਪ੍ਰੰਤੂ ਅਫ਼ਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਆਈਜੀ ਜੇਲ੍ਹ ਚੰਡੀਗਡ਼੍ਹ ਵੱਲੋਂ ਮੁਲਾਕਾਤ ਲਈ ਕੋਈ ਸਮਾਂ ਨਿਰਧਾਰਤ ਨਹੀਂ ਕੀਤਾ ਗਿਆ।

ਪੰਜੋਲੀ ਨੇ ਅਪੀਲ ਕਰਦਿਆਂ ਕਿਹਾ ਕਿ ਲਖਵਿੰਦਰ ਸਿੰਘ ਦੀ ਭੁੱਖ ਹਡ਼ਤਾਲ ਅੱਜ 10ਵੇਂ ਦਿਨ ’ਚ ਪਹੁੰਚ ਗਈ ਹੈ। ਸਮੁੱਚੇ ਖ਼ਾਲਸਾ ਪੰਥ ਦੇ ਜਜ਼ਬਾਤ, ਇਨ੍ਹਾਂ ਸਿੰਘਾਂ ਦੀ ਕੁਰਬਾਨੀ ਨਾਲ ਜੁਡ਼ੇ ਹੋਏ ਹਨ। ਖ਼ਾਲਸਾ ਪੰਥ ਨਹੀਂ ਚਾਹੁੰਦਾ ਕਿ ਇਨ੍ਹਾਂ ਸਿੰਘਾਂ ਦੀ ਭੁੱਖ ਹਡ਼ਤਾਲ ਕਾਰਨ ਕੋਈ ਜਾਨੀ ਨੁਕਸਾਨ ਹੋਵੇ। ਇਸ ਕਰਕੇ ਅਪੀਲ ਕਰਦਾ ਹਾਂ ਕਿ ਭੁੱਖ ਹਡ਼ਤਾਲ ’ਤੇ ਚੱਲ ਰਹੇ ਭਾਈ ਲਖਵਿੰਦਰ ਸਿੰਘ ਸਮੇਤ ਹੋਰਨਾਂ ਬੰਦੀ ਸਿੰਘਾਂ ਨਾਲ ਮੁਲਾਕਾਤ ਦਾ ਸਮਾਂ ਨਿਰਧਾਰਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨ ਜਾਰੀ ਹਨ ਤੇ ਬੰਦੀ ਸਿੱਖਾਂ ਨਾਲ ਮੁਲਾਕਾਤ ਕਰਨ ਦਾ ਮੰਤਵ ਰਿਹਾਈ ਲਈ ਯੋਗ ਹੱਲ ਲੱਭਣਾ ਹੈ।

Posted By: Sandip Kaur