ਜੰਜੂਆ, ਅਮਲੋਹ : ਭਾਵੇਂ ਕਿ ਹੋ ਰਹੀ ਬੇਮੌਸਮੀ ਬਾਰਿਸ਼ ਕਾਰਨ ਹਾੜ੍ਹੀ ਦੀ ਪ੍ਰਮੁੱਖ ਫ਼ਸਲ ਕਣਕ ਦੀ ਕਟਾਈ ਦਾ ਕੰਮ ਪਿਛੜ ਗਿਆ ਹੈ। ਪਰੰਤੂ ਪੰਜਾਬ ਸਰਕਾਰ ਵੱਲੋਂ ਕਣਕ ਦੀ ਨਿਰਵਿਘਨ ਖਰੀਦ 1 ਅਪ੍ਰਰੈਲ ਤੋਂ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ ਤੇ ਰਾਜ ਦੀਆਂ 1860 ਮੰਡੀਆਂ ਵਿਚ ਖ਼ਰੀਦ ਸਬੰਧੀ ਪੁਖ਼ਤਾ ਪ੍ਰਬੰਧ ਜਿਵੇਂ ਬਿਜਲੀ, ਛਾਂ ਤੇ ਪੀਣ ਯੋਗ ਪਾਣੀ ਦਾ ਪ੍ਰਬੰਧ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਇਸ਼ਤਿਹਾਰ ਵੀ ਜਾਰੀ ਕੀਤੇ ਗਏ ਹਨ ਪਰੰਤੂ ਜ਼ਮੀਨੀ ਪੱਧਰ ਤੇ ਅਜਿਹੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ, ਜਿਸ ਦੀ ਮਿਸਾਲ ਅਨਾਜ ਮੰਡੀ ਅਮਲੋਹ ਵਿਖੇ ਦੇਖਣ ਨੂੰ ਮਿਲਦੀ ਹੈ। ਨਾਭਾ -ਅਮਲੋਹ ਸੜਕ ਤੋਂ ਅਨਾਜ ਮੰਡੀ ਵਿੱਚ ਦਾਖ਼ਲ ਹੁੰਦਿਆਂ ਹੀ ਨਗਰ ਕੌਂਸਲ ਅਮਲੋਹ ਵੱਲੋਂ ਮਰਦਾਂ ਅਤੇ ਅੌਰਤਾਂ ਲਈ ਬਣਾਏ ਗਏ ਪਖਾਨਿਆਂ ਨੂੰ ਜਿੰਦਰੇ ਲੱਗੇ ਹੋਏ ਹਨ।

ਅਨਾਜ ਮੰਡੀ ਦੇ ਫੜ੍ਹ ਵਿਚ ਅਜੇ ਕੰਮ ਚਲ ਰਿਹਾ ਹੋਣ ਕਾਰਨ ਮਿੱਟੀ ਦੀਆਂ ਢੇਰੀਆਂ ਲੱਗੀਆਂ ਹੋਈਆਂ ਦਿਖਾਈ ਦਿੰਦੀਆਂ ਹਨ। ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਜ਼ਮਿੀਂਦਾਰਾਂ ਪਾਸੋਂ ਮੰਡੀ ਵਿੱਚ ਕੱਟੇ ਜਾਣ ਵਾਲੇ ਖਰਚਿਆਂ ਦੇ ਵੇਰਵੇ ਸਬੰਧੀ ਲੱਗਾ ਬੋਰਡ ਵੀ ਸਾਉਣੀ ਸੀਜ਼ਨ-2022 ਬਾਰੇ ਜਾਣਕਾਰੀ ਦੇ ਰਿਹਾ ਹੈ।