ਗੁਰਪ੍ਰੀਤ ਸਿੰਘ ਮਹਿਕ, ਫ਼ਤਹਿਗੜ੍ਹ ਸਾਹਿਬ : ਬੀਤੇ ਦਿਨੀਂ ਜੀਟੀ ਰੋਡ ’ਤੇ ਪੈਂਦੇ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਓਡੀਸ਼ਾ ਨੂੰ ਜਾ ਰਿਹਾ ਸੇਬਾਂ ਦਾ ਭਰਿਆ ਟਰੱਕ ਪਲਟਣ ਉਪਰੰਤ ਹੋਏ ਨੁਕਸਾਨ ਦੀ ਭਰਪਾਈ ਲਈ ਦੋ ਪੰਜਾਬੀ ਵਪਾਰੀ ਅੱਗੇ ਆਏ ਹਨ। ਸੇਬਾਂ ਦੀਆਂ ਪੇਟੀਆਂ ਚੁੱਕ ਕੇ ਲੈ ਜਾਣ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਦੋ ਪੰਜਾਬੀ ਵਪਾਰੀਆਂ ਪਟਿਆਲਾ ਦੇ ਰਾਜਵਿੰਦਰ ਸਿੰਘ ਤੇ ਮੁਹਾਲੀ ਦੇ ਗੁਰਪ੍ਰੀਤ ਸਿੰਘ ਨੇ ਕਸ਼ਮੀਰ ਦੇ ਵਪਾਰੀ ਮੁਹੰਮਦ ਸ਼ਾਹਿਦ ਦੇ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਉਸ ਨੂੰ 9 ਲੱਖ 12 ਹਜ਼ਾਰ ਦਾ ਚੈੱਕ ਫ਼ਤਹਿਗੜ੍ਹ ਸਾਹਿਬ ਦੀ ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਦੀ ਹਾਜ਼ਰੀ ’ਚ ਦਿੱਤਾ।

ਇਸ ਮੌਕੇ ਕਸ਼ਮੀਰ ਦੇ ਬਾਰਮੁੱਲਾ ਦੇ ਸੇਬਾਂ ਦੇ ਵਪਾਰੀ ਨੇ ਕਿਹਾ ਹੈ ਕਿ ਪੰਜਾਬੀ ਹਮੇਸ਼ਾ ਲੋਕਾਂ ਦੀ ਮਦਦ ਲਈ ਹੀ ਜਾਣੇ ਜਾਂਦੇ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਆਪਣੇ ਦਫ਼ਤਰ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ੍ਰੀਨਗਰ ਤੋਂ ਸੇਬਾਂ ਦੀਆਂ 1265 ਪੇਟੀਆਂ ਲੈ ਕੇ ਓਡੀਸ਼ਾ ਜਾ ਰਹੇ ਸੇਬਾਂ ਦੇ ਭਰੇ ਟਰੱਕ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਪਲਟਣ ਤੇ ਲੋਕਾਂ ਵੱਲੋਂ ਸੇਬਾਂ ਦੀਆਂ ਪੇਟੀਆਂ ਲੁੱਟ ਕੇ ਲੈ ਜਾਣ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਉਪਰੰਤ ਪੁਲਿਸ ਨੇ ਫੌਰੀ ਕਾਰਵਾਈ ਕਰਦੇ ਹੋਏ ਥਾਣਾ ਬਡਾਲੀ ਆਲਾ ਸਿੰਘ ਵਿਖੇ ਮੁਕੱਦਮਾ ਦਰਜ ਕੀਤਾ ਤੇ ਤਕਨੀਕੀ ਟੀਮ ਦੀ ਸਹਾਇਤਾ ਨਾਲ 10 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ 2 ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਉਨ੍ਹਾਂ ਮਦਦ ਲਈ ਅੱਗੇ ਆਏ ਪੰਜਾਬ ਦੇ ਵਪਾਰੀਆਂ ਰਾਜਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਸ਼ਲਾਘਾ ਕੀਤੀ। ਸੇਬਾਂ ਦੇ ਵਪਾਰੀ ਮੁਹੰਮਦ ਸ਼ਾਹਿਦ ਜੋਕਿ ਫ਼ਤਹਿਗੜ੍ਹ ਸਾਹਿਬ ਦੇ ਇਕ ਕਾਲਜ ਦਾ ਵਿਦਿਆਰਥੀ ਰਹਿ ਚੁੱਕਾ ਹੈ, ਨੇ ਮਦਦ ਲਈ ਅੱਗੇ ਆਏ ਪੰਜਾਬ ਦੇ ਵਪਾਰੀਆਂ ਤੇ ਜ਼ਿਲ੍ਹਾ ਪੁਲਿਸ ਮੁਖੀ ਦਾ ਧੰਨਵਾਦ ਕੀਤਾ। ਇਸ ਮੌਕੇ ਡੀਐੱਸਪੀ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਕੇਸ ’ਚ ਬਾਕੀ ਰਹਿੰਦੇ ਵਿਅਕਤੀਆਂ ਖ਼ਿਲਾਫ਼ ਬਣਦੀ ਕਰਵਾਈ ਕਰ ਰਹੀ ਹੈ।

Posted By: Jagjit Singh