ਗੋਇਲ/ਢਿੱਲੋਂ, ਮੰਡੀ ਗੋਬਿੰਦਗੜ੍ਹ : ਪ੍ਰੀਤ ਨਗਰ ਇਲਾਕੇ 'ਚ ਸੋਮਵਾਰ ਨੂੰ ਅਣਪਛਾਤੇ ਵਿਅਕਤੀ ਲੋਹਾ ਵਪਾਰੀ ਦੇ ਮੁਲਾਜ਼ਮ ਦੀਆਂ ਅੱਖਾਂ ਵਿਚ ਮਿਰਚ ਪਾਊਡਰ ਪਾਉਣ ਤੋਂ ਬਾਅਦ ਗੋਲੀ ਮਾਰ ਕੇ ਪੈਸਿਆਂ ਨਾਲ ਭਰਿਆ ਬੈਗ ਲੁੱਟ ਕੇ ਫ਼ਰਾਰ ਹੋ ਗਏ। ਬੈਗ ਵਿੱਚ ਅੱਠ ਲੱਖ ਰੁਪਏ ਦੀ ਨਕਦੀ ਦੱਸੀ ਜਾ ਰਹੀ ਹੈ। ਲੁਟੇਰੇ ਇਕ ਮੋਟਰਸਾਈਕਲ 'ਤੇ ਆਏ ਸਨ ਜਿਨ੍ਹਾਂ ਦੀ ਗਿਣਤੀ ਤਿੰਨ ਦੇ ਕਰੀਬ ਦੱਸੀ ਜਾ ਰਹੀ ਹੈ।

ਜ਼ਖ਼ਮੀ ਵਿਅਕਤੀ ਦੀ ਪਛਾਣ ਪਰਮਿੰਦਰ ਸਿੰਘ ਮੋਂਟੂ ਵਾਸੀ ਸਰਹਿੰਦ ਜੀਟੀ ਰੋਡ ਬਾੜਾ ਵਜੋਂ ਹੋਈ ਹੈ ਜਿਸ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿੱਥੋਂ ਕਿ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰਜਿੰਦਰਾ ਹਸਪਤਾਲ, ਪਟਿਆਲਾ ਰੈਫਰ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਪ੍ਰਰੀਤ ਨਗਰ ਅਤੇ ਕੁੱਕੜ ਮਾਜਰਾ ਇਲਾਕੇ 'ਚ ਸਥਿਤ ਯੁਵਰਾਜ ਇੰਪੈਕਸ 'ਚ ਕੰਮ ਕਰਨ ਵਾਲਾ ਪਰਮਿੰਦਰ ਮੋਂਟੂ ਕੈਸ਼ ਲੈ ਕੇ ਸਰਹਿੰਦ ਤੋਂ ਮੰਡੀ ਗੋਬਿੰਦਗੜ੍ਹ ਵੱਲ ਆ ਰਿਹਾ ਸੀ, ਜਿਸ ਦੀ ਰੇਕੀ ਕੀਤੀ ਜਾ ਰਹੀ ਸੀ। ਜਦੋਂ ਉਹ ਪੌੜੀਆਂ ਚੜ੍ਹ ਕੇ ਉੱਪਰ ਪਹੁੰਚਿਆ ਤਾਂ ਲੁਟੇਰਿਆਂ ਨੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਦਾ ਪਾਊਡਰ ਪਾ ਕੇ ਨਕਦੀ ਖੋਹ ਲਈ ਤੇ ਜਾਂਦੇ ਹੋਏ ਉਸ ਨੂੰ ਗੋਲੀ ਮਾਰ ਦਿੱਤੀ। ਘਟਨਾ ਤੋਂ ਤੁਰੰਤ ਬਾਅਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਦੇ ਉੱਚ ਅਧਿਕਾਰੀ, ਸਬ ਡਵੀਜ਼ਨ ਅਮਲੋਹ ਦੇ ਡੀਐੱਸਪੀ ਸੁਖਵਿੰਦਰ ਸਿੰਘ, ਥਾਣਾ ਮੁਖੀ ਗੋਬਿੰਦਗੜ, ਅਮਲੋਹ, ਫਿੰਗਰ ਪਿ੍ਰੰਟ ਟੀਮ, ਇੰਚਾਰਜ ਸੀਆਈਏ ਸਰਹਿੰਦ ਨੇ ਘਟਨਾ ਸਥਾਨ 'ਤੇ ਪੁੱਜ ਕੇ ਲੁਟੇਰਿਆਂ ਨੂੰ ਫੜਨ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ।

ਥਾਣਾ ਮੰਡੀ ਗੋਬਿੰਦਗੜ੍ਹ ਦੇ ਐੱਸਐੱਚਓ ਜਮੀਲ ਮੁਹੰਮਦ ਨੇ ਦੱਸਿਆ ਕਿ ਪੁਲਿਸ ਮਾਮਲੇ ਵਿਚ ਵੱਖ-ਵੱਖ ਪਹਿਲੂਆਂ 'ਤੇ ਕੰਮ ਕਰ ਰਹੀ ਹੈ।

Posted By: Jagjit Singh