ਪੱਤਰ ਪੇ੍ਰਰਕ, ਅਮਲੋਹ : ਅੰਤਰਰਾਸ਼ਟਰੀ ਵਾਤਾਵਰਨ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਮੀਟਿੰਗ ਵਿਚ ਸਮਾਜ ਸੇਵੀ ਸੰਸਥਾ 'ਉਜਾਲੇ ਕੀ ਅੌਰ' ਮੰਡੀ ਗੋਬਿੰਦਗੜ੍ਹ ਵੱਲੋਂ ਬੂਟੇ ਵੰਡ ਕੇ ਲੋਕਾਂ ਨੂੰ ਵਾਤਾਵਰਨ ਸੰਭਾਲਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਐਡਵੋਕੇਟ ਅਸ਼ਵਨੀ ਅਬਰੋਲ ਨੇ ਕੁੱਝ ਹੈਰਾਨੀਜਨਕ ਤੱਥਾਂ ਰਾਹੀਂ ਸਮਝਾਇਆ ਕਿ ਅਸੀਂ ਸਿਰਫ਼ ਪੰਜਾਬ ਅੰਦਰ ਹੀ ਇਕ ਦਿਨ ਵਿਚ ਕਰੋੜਾਂ ਲੀਟਰ ਬਹੁਮੁੱਲੇ ਪਾਣੀ ਦੀ ਬੱਚਤ ਕਰ ਸਕਦੇ ਹਨ। ਉਨਾਂ੍ਹ ਦੱਸਿਆ ਕਿ ਪੰਜਾਬ ਦੀ ਮੌਜੂਦਾ ਆਬਾਦੀ ਤਕਰੀਬਨ 3 ਕਰੋੜ ਹੈ, ਜਿਸ ਵਿਚ ਅੱਧੀ ਤੋਂ ਵੱਧ ਆਬਾਦੀ ਮਰਦਾਂ/ਲੜਕਿਆਂ ਦੀ ਹੈ ਜੋ ਰੋਜ਼ਾਨਾ ਪਿਸ਼ਾਬ ਕਰਨ ਸਮੇਂ (ਰੋਜ਼ਾਨਾ ਅੰਦਾਜਣ 4 ਵਾਰ) ਟਾਇਲਟ ਸੀਟ ਦੀ ਵਰਤੋਂ ਰਾਹੀਂ ਘੱਟੋਂ-ਘੱਟ 3 ਲੀਟਰ ਪਾਣੀ ਟਾਇਲਟ ਸੀਟ ਨੂੰ ਸਾਫ਼ ਕਰਨ ਲਈ ਬਹਾ ਦਿੰਦੀ ਹੈ। ਇਸ ਤਰੀਕੇ ਜੇਕਰ ਰੋਜ਼ਾਨਾ ਇੱਕ ਕਰੋੜ ਮਰਦ/ਲੜਕੇ ਟਾਇਲਟ ਵਰਤਦੇ ਹਨ ਤਾਂ ਤਕਰੀਬਨ 12 ਕਰੋੜ ਲੀਟਰ ਵਡਮੁੱਲਾ ਪਾਣੀ ਵਿਅਰਥ ਹੀ ਚਲਾ ਜਾਂਦਾ ਹੈ ਅਤੇ 1 ਸਾਲ ਵਿਚ ਇੰਝ ਤਕਰੀਬਨ 4380 ਕਰੋੜ ਲੀਟਰ ਪਾਣੀ ਅਸੀਂ ਸਬਮਰਸੀਬਲ ਪੰਪਾਂ ਅਤੇ ਬਿਜਲੀ ਦੀ ਬੇਤਹਾਸ਼ਾ ਵਰਤੋਂ ਕਰਕੇ ਕੁਦਰਤੀ ਸੰਸਾਧਨਾਂ ਨੂੰ ਖਤਮ ਕਰ ਰਹੇ ਹਾਂ, ਜਿਸ ਨੂੰ ਬਚਾਇਆ ਜਾ ਸਕਦਾ ਹੈ। ਉਨਾਂ੍ਹ ਲੋਕਾਂ ਨੂੰ ਅਪੀਲ ਕੀਤੀ ਕਿ ਹਰੇਕ ਘਰ ਵਿਚ ਇੱਕ ਯੂਰੀਨਲ (ਬਿਨਾਂ ਸੈਂਸਰ ਤੋਂ) ਲੱਗ ਜਾਵੇ ਤਾਂ ਲੋੜ ਮੁਤਾਬਿਕ ਪਾਣੀ, ਟੂਟੀ ਤੋਂ ਛੱਡ ਕੇ ਰੋਜ਼ਾਨਾ ਕਰੋੜਾਂ ਲੀਟਰ ਪਾਣੀ ਅਤੇ ਕਰੋੜਾਂ ਰੁਪਏ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਮੌਕੇ ਸੰਸਥਾ ਦੇ ਉਪ ਪ੍ਰਧਾਨ ਐਡਵੋਕੇਟ ਰਵੀ ਨੰਦਨ ਅਰੋੜਾ ਨੇ ਦੱਸਿਆ ਕਿ ਪਾਣੀ ਦੀ ਬੱਚਤ ਕਰਨ ਲਈ ਆਪਾਂ ਸਭ ਨੂੰ ਫਿਲਟਰ ਤੋਂ ਨਿਕਲਣ ਵਾਲੇ ਵੇਸਟ ਪਾਣੀ ਨੂੰ ਬਰਤਨ ਸਾਫ਼ ਕਰਨ, ਲਾਅਨ ਅਤੇ ਬੂਟਿਆਂ ਨੂੰ ਪਾਣੀ ਦੇਣ ਲਈ ਵਰਤਣਾ ਚਾਹੀਦਾ ਹੈ। ਸੰਸਥਾਂ ਦੇ ਜਰਨਲ ਸਕੱਤਰ ਸਮੀਰ ਗਰਗ ਚਾਰਟਰਡ ਅਕਾਊਂਟੈਂਟ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਹਰੇਕ ਘਰ ਦੀ ਪਾਣੀ ਵਾਲੀ ਟੈਂਕੀ ਤੇ ਸੈਂਸਰ ਲਗਵਾਉਣਾ ਜ਼ਰੂਰੀ ਕਰ ਦਿੱਤਾ ਜਾਵੇ ਕਿਉਂਕਿ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਪਾਣੀ ਦੀਆਂ ਟੈਂਕੀਆਂ ਦੇ ਓਵਰਫ਼ਲੋ ਹੋਣ ਨਾਲ ਜਿੱਥੇ ਪਾਣੀ ਵਿਅਰਥ ਜਾਂਦਾ ਹੈ ਉੱਥੇ ਹੀ ਬਿਜਲੀ ਵੀ ਅਜਾਈਂ ਜਾਂਦੀ ਹੈ। ਅੰਤ ਵਿਚ ਚੇਅਰਮੈਨ ਅਸ਼ਵਨੀ ਅਬਰੋਲ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਚਾਰ ਪਹੀਆ ਵਾਹਨਾਂ ਨੂੰ ਵਿਦੇਸ਼ਾਂ ਦੀ ਤਰਾਂ੍ਹ ਪੂਲ ਸਿਸਟਮ ਰਾਹੀਂ ਚਲਾਉਣਾ ਲਾਜ਼ਮੀ ਕੀਤਾ ਜਾਵੇ।