ਪਰਮਵੀਰ ਸਿੰਘ, ਖਮਾਣੋਂ : ਇਕ ਵਿਅਕਤੀ ਵੱਲੋਂ ਥਾਣੇਦਾਰ ਨਾਲ ਕੀਤੀ ਗਈ ਬਦਤਮੀਜ਼ੀ ਦੀ ਵਾਇਰਲ ਆਡੀਓ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਡੀਓ ’ਚ ਖ਼ੁਦ ਨੂੰ ਚੇਅਰਮੈਨ ਪੰਜਾਬ ਹਿਊਮਨ ਰਾਈਟਸ ਦੱਸਣ ਵਾਲਾ ਵਿਅਕਤੀ ਥਾਣੇਦਾਰ ਨੂੰ ਪਹਿਲਾਂ ਤਾਂ ਸਵਾਲ ਕਰਦਾ ਹੈ ਕੀ ਉਹ ਫੋਨ ਕਿਉਂ ਨਹੀਂ ਚੁੱਕ ਰਿਹਾ।

ਥਾਣੇਦਾਰ ਵੱਲੋਂ ਰਾਤ ਦੀ ਡਿਊਟੀ ਦਾ ਹਵਾਲਾ ਦਿੱਤਾ ਕਿ ਉਹ ਸੁੱਤਾ ਪਿਆ ਸੀ ਜਿਸ ’ਤੇ ਅੱਗੋਂ ਕਿਹਾ ਜਾਂਦਾ ਹੈ ਕਿ ਡਿਊਟੀ ’ਤੇ ਤੂੰ ਸੁੱਤਾ ਪਿਆ ਹੈ, ਤੈਨੂੰ ਸ਼ਰਮ ਨਹੀਂ ਆਉਂਦੀ। ਉਕਤ ਥਾਣੇਦਾਰ ਥਾਣਾ ਖੇੜੀ ਨੌਧ ਸਿੰਘ ਨਾਲ ਸਬੰਧਤ ਦੱਸਿਆ ਜਾਂਦਾ ਹੈ। ਉਕਤ ਕਥਿਤ ਚੇਅਰਮੈਨ ਵੱਲੋਂ ਇਕ ਹੋਰ ਆਡੀਓ ਰਾਹੀਂ ਪੁਲਿਸ ਅਤੇ ਉਸ ਦੀ ਕਾਰਜ ਪ੍ਰਣਾਲੀ ਬਾਰੇ ਕਈ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ।

ਜਦੋਂ ਮਾਮਲੇ ਨਾਲ ਜੁੜੇ ਉਕਤ ਥਾਣੇਦਾਰ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਉੱਚ ਅਧਿਕਾਰੀ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।

ਥਾਣਾ ਮੁਖੀ ਖੇੜੀ ਨੌਧ ਸਿੰਘ ਇੰਸਪੈਕਟਰ ਸਰਬਜੀਤ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਪਿੰਡ ਸੋਹਾਵੀ ਦਾ ਕੋਈ ਪੈਸੇ ਦੇ ਲੈਣ-ਦੇਣ ਦਾ ਮਾਮਲਾ ਹੈ। ਸ਼ਾਇਦ ਉਸ ਮਗਰੋਂ ਉਕਤ ਵਰਤਾਰਾ ਸਾਹਮਣੇ ਆਇਆ ਹੈ। ਥਾਣੇਦਾਰ ਡਿਊਟੀ ਉਪਰੰਤ ਆਪਣੇ ਘਰ ਸੀ। ਮਾਮਲੇ ਨਾਲ ਸਬੰਧਤ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਪੜਤਾਲ ਉਪਰੰਤ ਬਣਦੀ ਅਗਲੀ ਕਾਰਵਾਈ ਕੀਤੀ ਜਾਵੇਗੀ।

Posted By: Jagjit Singh