ਪੱਤਰ ਪ੍ਰੇਰਕ, ਫ਼ਤਹਿਗੜ੍ਹ ਸਾਹਿਬ : ਨਜ਼ਦੀਕੀ ਪਿੰਡ ਪਤਾਰਸੀ ਦੀ ਸਹੁਰਿਆਂ ਦੀ ਸਤਾਈ ਇਕ ਦੋ ਬੱਚਿਆਂ ਦੀ ਮਾਂ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਥਾਣਾ ਮੂਲੇਪੁਰ ਦੇ ਏਐੱਸਆਈ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮਿ੍ਤਕ ਮਨਪ੍ਰੀਤ ਕੌਰ (25) ਦੇ ਪਿਤਾ ਕੁਲਦੀਪ ਸਿੰਘ ਵਾਸੀ ਬੇਰਪੁਰਾ (ਅੰਬਾਲਾ) ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 2014 'ਚ ਪਰਮਿੰਦਰ ਸਿੰਘ ਵਾਸੀ ਪਤਾਰਸੀ ਨਾਲ ਹੋਇਆ ਸੀ। ਜਿਸ ਤੋਂ ਬਾਅਦ ਮਨਪ੍ਰੀਤ ਕੌਰ ਦੇ ਘਰ ਦੋ ਲੜਕੀਆਂ ਪੈਦਾ ਹੋਈਆਂ ਅਤੇ ਪਰਮਿੰਦਰ ਸਿੰਘ ਸ਼ਰਾਬ ਪੀ ਕੇ ਅਕਸਰ ਮਨਪ੍ਰੀਤ ਨੂੰ ਮਾਰਦਾ ਕੁੱਟਦਾ ਰਹਿੰਦਾ ਸੀ।

ਮਨਪ੍ਰੀਤ ਕੌਰ ਦਾ ਸਹੁਰਾ ਪਰਿਵਾਰ ਵੀ ਉਸ ਦੇ ਚਰਿੱਤਰ 'ਤੇ ਝੂਠੇ ਇਲਜ਼ਾਮ ਲਗਾ ਕੇ ਉਸ ਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ ਜਿਸ ਤੋਂ ਤੰਗ ਆ ਕੇ ਮਨਪ੍ਰੀਤ ਨੇ ਐਤਵਾਰ ਨੂੰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਕੁਲਦੀਪ ਸਿੰਘ ਦੇ ਬਿਆਨਾਂ 'ਤੇ ਮਨਪ੍ਰੀਤ ਕੌਰ ਦੇ ਪਤੀ ਪਰਮਿੰਦਰ ਸਿੰਘ, ਸਹੁਰਾ ਬਲਬੀਰ ਸਿੰਘ, ਚਾਚਾ ਜਸਵੀਰ ਸਿੰਘ ਅਤੇ ਲਖਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਪਰਮਿੰਦਰ ਸਿੰਘ, ਬਲਬੀਰ ਸਿੰਘ ਤੇ ਜਸਵੀਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਲਖਵਿੰਦਰ ਸਿੰਘ ਅਜੇ ਫ਼ਰਾਰ ਹੈ। ਪੁਲਿਸ ਨੇ ਮਿ੍ਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।