ਪੱਤਰ ਪੇ੍ਰਰਕ, ਫ਼ਤਹਿਗੜ੍ਹ ਸਾਹਿਬ : ਸਰਹਿੰਦ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ 'ਤੇ ਰੇਲਾਂ ਰੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਲੰਗਰ ਦੇ ਨਾਂ 'ਤੇ ਰੇਲ ਗੱਡੀ 'ਚ ਬੈਠੇ ਯਾਤਰੀਆਂ ਤੋਂ ਪੈਸੇ ਇਕੱਠੇ ਕਰਨ ਵਾਲੇ ਵਿਅਕਤੀ ਨੂੰ ਕਿਸਾਨਾਂ ਨੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜੋ ਕਿ ਖੁਦ ਨੂੰ ਜ਼ਿਲ੍ਹਾ ਮੋਗਾ ਦਾ ਗੁਰਨਾਮ ਸਿੰਘ ਦੱਸ ਰਿਹਾ ਸੀ।

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਨੇ ਦੱਸਿਆ ਕਿ ਉਹ ਸਰਹਿੰਦ ਰੇਲਵੇ ਸਟੇਸ਼ਨ 'ਤੇ ਧਰਨਾ ਦੇ ਰਹੇ ਸਨ। ਇਸੇ ਦੌਰਾਨ ਉਕਤ ਵਿਅਕਤੀ ਪਹਿਲਾ ਉਨਾਂ੍ਹ ਨਾਲ ਧਰਨੇ 'ਤੇ ਬੈਠਾ ਰਿਹਾ ਪਰ ਕੁੱਝ ਸਮੇਂ ਬਾਅਦ ਰੇਲ ਗੱਡੀ 'ਚ ਬੈਠੇ ਯਾਤਰੀਆਂ ਤੋਂ ਕਿਸਾਨਾਂ ਲਈ ਲੰਗਰ ਲਾਉਣ ਦੇ ਨਾਂ 'ਤੇ ਪੈਸੇ ਇਕੱਠੇ ਕਰਨ ਲੱਗ ਗਿਆ। ਇਸ ਦੀ ਭਣਕ ਜਦੋਂ ਰੇਲ ਗੱਡੀ ਦੇ ਮਕੈਨਿਕ ਨੂੰ ਲੱਗੀ ਤਾਂ ਉਸ ਨੇ ਪਹਿਲਾਂ ਜਾ ਕੇ ਚੈੱਕ ਕੀਤਾ ਤੇ ਉਕਤ ਜਾਣਕਾਰੀ ਕਿਸਾਨ ਆਗੂਆਂ ਨੂੰ ਦਿੱਤੀ। ਕਿਸਾਨਾਂ ਨੇ ਉਸ ਨੂੰ ਸਰਹਿੰਦ ਰੇਲਵੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਖ਼ਬਰ ਲਿਖੇ ਜਾਣ ਤਕ ਉਕਤ ਵਿਅਕਤੀ ਪੁਲਿਸ ਹਿਰਾਸਤ 'ਚ ਹੀ ਸੀ ਅਤੇ ਉਸ ਦੇ ਹੋਰ ਸਾਥੀਆਂ ਬਾਰੇ ਪੁੱਛਗਿੱਛ ਜਾਰੀ ਸੀ।