ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : ਪੰਜਾਬ ਵਿਚ ਇਸ ਸਾਲ ਕਰੀਬ 130 ਲੱਖ ਮੀਟਿ੍ਕ ਟਨ ਕਣਕ ਦੀ ਖਰੀਦ ਹੋਣ ਦੀ ਸੰਭਾਵਨਾ ਹੈ ਅਤੇ ਕੱਲ੍ਹ ਤਕ ਸੂਬੇ ਵਿਚ 7 ਲੱਖ 51 ਹਜ਼ਾਰ ਮੀਟਿ੍ਕ ਟਨ ਕਣਕ ਦੀ ਆਮਦ ਹੋਈ ਸੀ, ਜਿਸ ਵਿਚੋਂ 04 ਲੱਖ 89 ਹਜ਼ਾਰ ਮੀਟਿ੍ਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਹ ਜਾਣਕਾਰੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੇਏਪੀ ਸਿਨਹਾ ਨੇ ਮਾਰਕੀਟ ਕਮੇਟੀ ਸਰਹਿੰਦ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਨਾਲ ਵਿਭਾਗ ਦੇ ਡਾਇਰੈਕਟਰ ਅਤੇ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਵੀ ਮੌਜੂਦ ਸਨ। ਸਿਨਹਾ ਨੇ ਦੱਸਿਆ ਕਿ ਬਾਰਦਾਨੇ ਦੀ ਕਿਸੇ ਵੀ ਪਾਸੇ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸੁਚੱਜੀ ਖਰੀਦ ਦੇ ਮੱਦੇਨਜ਼ਰ ਪੀਪੀ ਬੈਗ ਵੀ ਖਰੀਦੇ ਗਏ ਹਨ ਅਤੇ ਕੇਂਦਰ ਸਰਕਾਰ ਤੋਂ ਪੁਰਾਣੇ ਬਾਰਦਾਨੇ ਦੀ ਵਰਤੋਂ ਕਰਨ ਦੀ ਪ੍ਰਵਾਨਗੀ ਵੀ ਲੈ ਲਈ ਗਈ ਹੈ। ਸਰਹਿੰਦ ਮੰਡੀ ਵਿਚ ਬਾਰਦਾਨੇ ਸਬੰਧੀ ਜਿਹੜੀ ਵੀ ਦਿੱਕਤ ਸੀ, ਉਹ ਉਨ੍ਹਾਂ ਨੇ ਮੌਕੇ 'ਤੇ ਹੀ ਹੱਲ ਕਾਰਵਾਈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਸਖਤ ਹਦਾਇਤਾਂ ਹਨ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿਚ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ, ਡਿਪਟੀ ਡਾਇਰੈਕਟਰ ਮੁਨੀਸ਼ ਨਰੂਲਾ, ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਡਾ. ਰਵਿੰਦਰ ਕੌਰ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਧੂ ਰਾਮ ਭੱਟਮਾਜਰਾ, ਤਹਿਸੀਲਦਾਰ ਫਤਹਿਗੜ੍ਹ ਸਾਹਿਬ ਗੁਰਜਿੰਦਰ ਸਿੰਘ ਆਦਿ ਮੌਜੂਦ ਸਨ।