ਰਾਜਿੰਦਰ ਭੱਟ, ਫ਼ਤਹਿਗੜ੍ਹ ਸਾਹਿਬ : ਜੋਤੀ ਸੂਰਪ ਚੌਕ ਨਜ਼ਦੀਕ ਐਤਵਾਰ ਸਵੇਰੇ ਆਪਸ 'ਚ ਲੜ ਰਹੇ ਸਾਨ੍ਹਾਂ ਨੇ ਇਕ ਮੋਟਰਸਾਈਕਲ 'ਤੇ ਤਿੰਨ ਬੱਚਿਆਂ ਨਾਲ ਸਵਾਰ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਚਾਲਕ ਬੱਚਿਆਂ ਸਮੇਤ ਸੜਕ 'ਤੇ ਜਾ ਡਿੱਗਾ। ਏਨੇ ਨੂੰ ਪਿੱਛੇ ਆ ਰਹੇ ਇਕ ਟਰਾਲੇ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਕਾਰਨ ਬਜ਼ੁਰਗ ਤੇ ਉਸ ਦੀ ਇਕ ਪੋਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਇਕ ਪੋਤਾ ਤੇ ਇਕ ਪੋਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ। ਮਿ੍ਤਕ ਬੁਜ਼ਰਗ ਦੀ ਪਛਾਣ ਦਾਰਾ ਸਿੰਘ (75) ਵਾਸੀ ਫ਼ਤਹਿਗੜ੍ਹ ਨਿਊਆਂ ਤੇ ਪੋਤੀ ਰਮਨਦੀਪ ਕੌਰ (8) ਦੇ ਤੌਰ 'ਤੇ ਹੋਈ ਹੈ। ਜਦੋਂਕਿ ਜ਼ਖ਼ਮੀਆਂ 'ਚ ਪੋਤੀ ਪਰਮਿੰਦਰ ਕੌਰ (10) ਅਤੇ ਪੋਤਾ ਅਭਜੀਤ ਸਿੰਘ (9) ਸ਼ਾਮਲ ਹਨ। ਦਾਰਾ ਸਿੰਘ ਦੇ ਭਰਾ ਕਰਤਾਰ ਸਿੰਘ ਨੇ ਦੱਸਿਆ ਕਿ ਦਾਰਾ ਸਿੰਘ ਸਵੇਰੇ ਚਾਰ ਵਜੇ ਆਪਣੇ ਮੋਟਰਸਾਈਕਲ 'ਤੇ ਉਕਤ ਤਿੰਨੇ ਪੋਤੇ-ਪੋਤੀਆਂ ਨੂੰ ਲੈ ਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਮੱਥਾ ਟੇਕਣ ਲਈ ਆਏ ਸਨ। ਜਦੋਂ ਉਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਘਰ ਜਾ ਰਹੇ ਸਨ ਤਾਂ ਜੋਤੀ ਸਰੂਪ ਚੌਕ ਨਜ਼ਦੀਕ ਸੜਕ ਦੇ ਦੂਜੇ ਕਿਨਾਰੇ ਭਿੜ ਰਹੇ ਸਾਨ੍ਹਾਂ ਨੇ ਸੜਕ ਵਿਚਕਾਰ ਆ ਕੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਚਾਰੇ ਸੜਕ ਵਿਚਕਾਰ ਡਿੱਗ ਪਏ ਤੇ ਪਿੱਛੋਂ ਆ ਰਹੇ ਟਰਾਲਾ ਨੰਬਰ ਪੀਬੀ-03-ਵੀ-9032 ਦੀ ਲਪੇਟ 'ਚ ਆ ਗਏ। ਹਾਦਸੇ 'ਚ ਦਾਰਾ ਸਿੰਘ ਤੇ ਰਮਨਦੀਪ ਕੌਰ ਦੀ ਮੌਕੇ 'ਤੇ ਮੌਤ ਹੋ ਗਈ। ਜਦੋਂ ਕਿ ਪਰਮਿੰਦਰ ਕੌਰ ਤੇ ਅਭਜੀਤ ਸਿੰਘ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਹੋਣ 'ਤੇ ਹਸਪਤਾਲ ਪਹੁੰਚਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਸਬ ਇੰਸਪੈਕਟਰ ਬਲਦੇਵ ਸਿੰਘ ਤੇ ਹੈੱਡ ਕਾਂਸਟੇਬਲ ਸੁਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਜਿਨ੍ਹਾਂ ਰਾਹਗੀਰਾਂ ਦੀ ਮਦਦ ਨਾਲ ਲਾਸ਼ਾਂ ਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।