ਭੁਪਿੰਦਰ ਸਿੰਘ ਮਾਨ, ਖੇੜਾ : ਰਾਜਿੰਦਰਗੜ੍ਹ ਖੇਤੀਬਾੜੀ ਸਹਿਕਾਰੀ ਸਭਾ ਦਾ ਆਮ ਇਜਲਾਸ ਪ੍ਰਧਾਨ ਗੁਰਜੀਤ ਸਿੰਘ ਬਾਠ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਗੁਰਜੀਤ ਸਿੰਘ ਬਾਠ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦਾ ਦਿਹਾਤੀ ਵਿਕਾਸ ਵਿਚ ਵੱਡਾ ਯੋਗਦਾਨ ਹੈ। ਸਹਿਕਾਰੀ ਸਭਾਵਾਂ ਰਾਹੀਂ ਨਵੀਆਂ ਖੇਤੀਬਾੜੀ ਦੀਆਂ ਤਕਨੀਕਾਂ ਹਰ ਕਿਸਾਨ ਤਕ ਪਹੁੰਚ ਜਾਂਦੀਆਂ ਹਨ। ਸਹਿਕਾਰਤਾ ਦਾ ਮਿਸ਼ਨ ਹੈ ਕਿ ਹਰ ਘਰ ਅਤੇ ਖੇਤ ਵਿਚ ਖੁਸ਼ਹਾਲੀ ਹਰੇਕ ਮਨੁੱਖ ਖੁਸ਼ਹਾਲ ਹੋਵੇ। ਇਸ ਮੌਕੇ ਮਾਰਕਫੈੱਡ ਦੇ ਅਧਿਕਾਰੀ ਫੀਲਡ ਅਫ਼ਸਰ ਕਰਨ ਸਿੰਗਲਾ ਨੇ ਮਾਰਕਫੈੱਡ ਦੇ ਕਾਰੋਬਾਰ ਅਤੇ ਉਤਪਾਦਾਂ ਸਬੰਧੀ ਚਾਨਣਾ ਪਾਇਆ। ਪੰਚਾਇਤ ਸੰਮਤੀ ਖੇੜਾ ਦੇ ਚੇਅਰਮੈਨ ਗੁਰਮੇਲ ਸਿੰਘ ਨੇ ਦੱਸਿਆ ਕਿ ਸਭਾ ਦੇ ਪ੍ਰਧਾਨ ਗੁਰਜੀਤ ਸਿੰਘ ਬਾਠ ਦੀ ਦੇਖ-ਰੇਖ ਹੇਠ ਸਹਿਕਾਰੀ ਸਭਾ ਰਾਜਿੰਦਰਗੜ੍ਹ ਤਰੱਕੀ ਦੀਆਂ ਪੁਲਾਂਘਾਂ ਪੁੱਟ ਰਹੀ ਹੈ। ਸਭਾ ਦੇ ਸਕੱਤਰ ਪ੍ਰਭਜੋਤ ਸਿੰਘ ਨੇ ਸਭਾ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਸਾਰੇ ਮੈਂਬਰਾਂ ਨੇ ਏਜੰਡਿਆਂ ਨੂੰ ਸਹਿਮਤੀ ਪ੍ਰਗਟ ਕੀਤੀ। ਸਭਾ ਦੇ ਪੁਰਾਣੇ ਫਾਊਂਡਰ ਮੈਂਬਰਾਂ ਨੂੰ ਵੀ ਯਾਦ ਕੀਤਾ ਗਿਆ ਤੇ ਉਨਾਂ੍ਹ ਦੇ ਵਾਰਸਾਂ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ। ਇਸ ਮੌਕੇ ਸਰਪੰਚ ਅਮਨਦੀਪ ਸਿੰਘ, ਹਰਬੰਸ ਸਿੰਘ, ਲਖਵੀਰ ਸਿੰਘ, ਕੁਲਵੰਤ ਸਿੰਘ, ਭਾਗ ਸਿੰਘ, ਅਮਰਿੰਦਰ ਸਿੰਘ, ਰਾਜਵੰਤ ਸਿੰਘ, ਰਾਜਿੰਦਰ ਸਿੰਘ ਆਦਿ ਮੌਜੂਦ ਸਨ।