ਔਜਲਾ/ਸਹੋਤਾ/ਭੱਟ, ਫ਼ਤਹਿਗੜ੍ਹ ਸਾਹਿਬ : ਮਾਘੀ ਵਾਲੇ ਦਿਨ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਤੋਂ 'ਪੰਜਾਬੀ ਜਾਗਰਣ' ਵੱਲੋਂ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਚੌਥੇ 'ਵਿਰਸਾ ਸੰਭਾਲ ਗੱਤਕਾ ਕੱਪ' ਦਾ ਆਗਾਜ਼ ਹੋਇਆ। ਇਸ ਗੱਤਕਾ ਕੱਪ 'ਚ ਲੜਕੇ ਅਤੇ ਲੜਕੀਆਂ ਦੀਆਂ 9 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਨੇ ਸ਼ਸਤਰ ਵਿੱਦਿਆ ਦੇ ਦਿਲ ਖਿਚਵੇਂ ਜੌਹਰ ਦਿਖਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ।

ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਸੋਹਲ, 'ਪੰਜਾਬੀ ਜਾਗਰਣ' ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ, 'ਜਾਗਰਣ ਗਰੁੱਪ' ਦੇ ਜਨਰਲ ਮੈਨੇਜਰ ਨੀਰਜ ਸ਼ਰਮਾ, ਬਰਾਂਡਿੰਗ ਮੈਨੇਜਰ ਨਵੀਨ ਸ਼ਰਮਾ, ਪੰਜਾਬ ਗੱਤਕਾ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਜਗਕਿਰਨ ਕੌਰ ਵੜੈਚ, ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ, ਗੱਤਕਾ ਕੋਚ ਤਲਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਛਤਵਾਲ, ਸੀਨੀਅਰ ਅਕਾਲੀ ਆਗੂ ਜਗਦੀਪ ਸਿੰਘ ਚੀਮਾ, ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਐੱਸਜੀਪੀਸੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਨੱਥਾ ਸਿੰਘ, ਮੀਤ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ, ਸਾਬਕਾ ਮੈਨੇਜਰ ਊਧਮ ਸਿੰਘ, ਨਗਰ ਕੌਂਸਲ ਬੱਸੀ ਪਠਾਣਾਂ ਦੀ ਮੀਤ ਪ੍ਰਧਾਨ ਰਜਨੀ ਬਾਲਾ ਟੂਲਾਨੀ ਤੇ ਹਾਜ਼ੀ ਬਾਬਾ ਦਿਲਸ਼ਾਦ ਅਹਿਮਦ ਵੱਲੋਂ ਕਰਵਾਈ ਗਈ।

ਇਸ ਮੌਕੇ 'ਜਾਗਰਣ ਗਰੁੱਪ' ਦੇ ਚੀਫ਼ ਜਨਰਲ ਮੈਨੇਜਰ ਮੋਹਿੰਦਰ ਕੁਮਾਰ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ।

ਮੁਕਾਬਲਿਆਂ ਦੌਰਾਨ ਸ਼ਸਤਰ ਪ੍ਰਦਰਸ਼ਨੀ 'ਚ ਸ੍ਰੀ ਗੁਰੂ ਗ੍ੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ, ਭਾਈ ਧਰਮ ਸਿੰਘ ਪਬਲਿਕ ਸਕੂਲ ਉਗਾਣੀ, ਅਕਾਲ ਅਕੈਡਮੀ ਮਾਧੋਪੁਰ, ਬਾਬਾ ਸੁੱਖਾ ਸਿੰਘ ਗੱਤਕਾ ਅਕੈਡਮੀ ਹੁਸੈਨਪੁਰ, ਰਣਜੀਤ ਅਖਾੜਾ ਗੋਬਿੰਦਗੜ੍ਹ, ਬਾਬਾ ਫ਼ਤਹਿ ਸਿੰਘ ਗੱਤਕਾ ਅਖਾੜਾ ਖੰਨਾ, ਅਮਰੀਨ ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ, ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਗੱਤਕਾ ਅਖਾੜਾ ਫ਼ਤਹਿਗੜ੍ਹ ਸਾਹਿਬ, ਭਾਈ ਬਾਜ ਸਿੰਘ ਗੱਤਕਾ ਅਖਾੜਾ ਨੇ ਭਾਗ ਲਿਆ। ਇਸ ਦੌਰਾਨ ਬਾਬਾ ਫ਼ਤਹਿ ਸਿੰਘ ਗੱਤਕਾ ਅਖਾੜਾ ਖੰਨਾ ਨੇ ਪਹਿਲਾ, ਸ੍ਰੀ ਗੁਰੂ ਗ੍ੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਨੇ ਦੂਜਾ ਅਤੇ ਹਰਗੋਬਿੰਦ ਸਾਹਿਬ ਗੱਤਕਾ ਅਖਾੜਾ ਮੰਡੀ ਗੋਬਿੰਦਗੜ੍ਹ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ, ਜਦਕਿ ਵਿਅਕਤੀਗਤ ਫ੍ਰੀ ਸੋਟੀ ਮੁਕਾਬਲੇ 'ਚ ਇੰਦਰਜੀਤ ਸਿੰਘ ਨੇ ਪਹਿਲਾ ਅਤੇ ਰੁਪਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।

ਜੇਤੂਆਂ ਨੂੰ ਇਨਾਮ ਵੰਡ ਦੀ ਰਸਮ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਿ੍ਤਪਾਲ ਸਿੰਘ, ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ ਵੱਲੋਂ ਕੀਤੀ ਗਈ, ਜਦਕਿ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਐੱਸਜੀਪੀਸੀ ਮੈਂਬਰ ਅਵਤਾਰ ਸਿੰਘ ਰਿਆ, ਮਾਰਕਫੈੱਡ ਦੇ ਡਾਇਰੈਕਟਰ ਗੁਰਮੀਤ ਸਿੰਘ ਸੋਨੂੰ ਚੀਮਾ ਵਿਸ਼ੇਸ਼ ਤੌਰ 'ਤੇ ਪੁੱਜੇ।

ਹਾਜ਼ਰ ਸ਼ਖਸੀਅਤਾਂ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਗੁਰੂ ਸਾਹਿਬ ਵੱਲੋਂ ਬਖਸ਼ੇ ਵਿਰਸੇ ਨਾਲ ਜੋੜਨ ਲਈ ਅਦਾਰਾ 'ਪੰਜਾਬੀ ਜਾਗਰਣ' ਵੱਲੋਂ ਕਰਵਾਏ ਜਾ ਰਹੇ ਗੱਤਕਾ ਮੁਕਾਬਲੇ ਸ਼ਲਾਘਾਯੋਗ ਉਪਰਾਲਾ ਹਨ। ਉਨ੍ਹਾਂ ਕਿਹਾ ਕਿ ਵਿਰਾਸਤ ਨੂੰ ਸੰਭਾਲਣ ਲਈ ਸਾਰਿਆਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਬਾਕੀ ਸੰਸਥਾਵਾਂ ਨੂੰ ਵੀ 'ਪੰਜਾਬੀ ਜਾਗਰਣ' ਵਾਂਗ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਸਿੱਖੀ ਤੋਂ ਦੂਰ ਹੰਦੀ ਜਾ ਰਹੀ ਨਵੀਂ ਪੀੜ੍ਹੀ ਨੂੰ ਮੁੜ ਸਿੱਖੀ ਨਾਲ ਜੋੜ ਸਕੀਏ।