ਜੇਐੱਨਐੱਨ, ਫਤਿਹਾਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੀ ਰਿਮਟ ਯੂਨੀਵਰਸਿਟੀ ਦੇ ਹੌਸਟਲ 'ਚ ਬੁੱਧਵਾਰ ਦੇਰ ਰਾਤ ਇਕ ਵਿਦਿਆਰਥੀ ਦੀ ਮੌਤ ਹੋ ਗਈ ਹੈ। ਇਸ 'ਤੇ ਯੂਨੀਵਰਸਿਟੀ ਦੇ ਵਿਦਿਆਰਥੀ ਭੜਕ ਗਏ ਤੇ ਦੱਬ ਕੇ ਹੰਗਾਮਾ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਬੱਸਾਂ ਦੀਆਂ ਭੰਨ-ਤੋੜ ਕੀਤੀ ਤੇ ਬਿਲਡਿੰਗ ਦੇ ਸ਼ੀਸ਼ੇ ਵੀ ਤੋੜ ਦਿੱਤੇ। ਮ੍ਰਿਤਕ ਵਿਦਿਆਰਥੀ ਦੀ ਪਛਾਣ ਨੇਪਾਲ ਦੇ ਰਹਿਣ ਵਾਲੇ ਹੇਮੰਤ ਦੇ ਤੌਰ 'ਤੇ ਹੋਈ। ਉਹ ਸਿਵਲ ਇੰਜੀਨੀਅਰਿੰਗ ਡਿਪਲੋਮਾ ਕਰ ਰਿਹਾ ਸੀ। ਗੁੱਸੇ 'ਚ ਆਏ ਵਿਦਿਆਰਥੀਆਂ ਨੇ ਮੌਤ ਦੇ ਹੌਸਟਲ ਵਾਰਡਨ ਨੂੰ ਜ਼ਿੰਮੇਵਾਰ ਦੱਸਿਆ ਹੈ।

ਪ੍ਰਦਰਸ਼ਨਕਾਰੀ ਵਿਦਿਆਰਥੀਆਂ ਮੁਤਾਬਿਕ ਬੁੱਧਵਾਰ ਦੀ ਸ਼ਾਮ ਹੇਮੰਤ ਦੀ ਸਿਹਤ ਠੀਕ ਨਹੀਂ ਸੀ। ਉਸ ਨੇ ਵਾਰਡਨ ਨੂੰ ਵੀ ਦੱਸਿਆ ਪਰ ਵਾਰਡਨ ਨੇ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ। ਦਰਦ ਵੱਧਦਾ ਗਿਆ ਤਾਂ ਹੇਮੰਤ ਨੇ ਖੁਦ ਆਪਣੇ ਸਾਥੀਆਂ ਦੀ ਮਦਦ ਨਾਲ ਹਸਪਤਾਲ ਜਾਣ ਦੀ ਇਜਾਜ਼ਤ ਮੰਗੀ। ਵਾਰਡਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਤੇ ਉਸ ਨੂੰ ਹੌਸਟਲ ਤੋਂ ਬਾਹਰ ਜਾਣ ਨਹੀਂ ਦਿੱਤਾ। ਜਦੋਂ ਤਕ ਯੂਨੀਵਰਸਿਟੀ 'ਚ ਐਬੂਲੈਂਸ ਬੁਲਾਈ ਗਈ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ।

Posted By: Amita Verma