ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਅਨਾਜ ਮੰਡੀ ਸਰਹਿੰਦ ਵਿਖੇ ਕਿਸਾਨਾਂ ਨੇ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਆਗੂ ਨਿਰਮਲ ਸਿੰਘ ਰਿਊਣਾ ਦੀ ਅਗਵਾਈ ਵਿਚ ਮਾਰਕੀਟ ਕਮੇਟੀ ਸਰਹਿੰਦ ਦੇ ਦਫਤਰ ਅੱਗੇ ਨਾਅਰੇਬਾਜ਼ੀ ਕੀਤੀ । ਇਸ ਦੌਰਾਨ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਕਿਸਾਨ ਆਗੂ ਨਿਰਮਲ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨ ਮੰਡੀਆਂ ਵਿਚ ਰੁਲ ਰਿਹਾ ਹੈ। ਅਨਾਜ ਮੰਡੀਆਂ ਵਿਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਪੂਰੇ ਨਹੀਂ ਹਨ, ਮਾਸਕ ਤੇ ਸੈਨੇਟਾਈਜ਼ਰ ਦੀ ਵੀ ਸਹੂਲਤ ਦੀ ਘਾਟ ਹੈ, ਮਾਰਕਫੈੱਡ ਅਤੇ ਪਨਸਪ ਕੋਲ ਬਾਰਦਾਨੇ ਦੀ ਘਾਟ ਹੋਣ ਕਾਰਨ ਵੀ ਕਿਸਾਨ ਪਰੇਸ਼ਾਨ ਹਨ। ਇਸੇ ਤਰ੍ਹਾਂ 3-3 ਦਿਨ ਬੀਤਣ ਤੋਂ ਬਾਅਦ ਵੀ ਕਈ ਕਿਸਾਨਾਂ ਦੀ ਫ਼ਸਲ ਦੀ ਬੋਲੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾਅਵੇ ਤਾਂ ਵੱਡੇ-ਵੱਡੇ ਕਰਦੀਆਂ ਹਨ ਪਰ ਹਕੀਕਤ ਉਸ ਤੋਂ ਕੋਹਾਂ ਦੂਰ ਹੈ। ਫ਼ਸਲ ਆਉਣ ਤੋਂ ਲਗਭਗ ਇਕ ਹਫ਼ਤਾ ਪਹਿਲਾਂ ਆਗੂਆਂ ਅਤੇ ਅਫਸਰਾਂ ਦੇ ਬਿਆਨ ਲੱਗਣੇ ਸ਼ੁਰੂ ਹੋ ਜਾਂਦੇ ਹਨ ਕਿ ਮੰਡੀਆਂ ਵਿਚ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਪਰ ਹਰ ਵਾਰ ਕਿਸਾਨ ਮੰਡੀਆਂ ਵਿਚ ਰੁਲਦਾ ਹੈ। ਇਸ ਮੌਕੇ ਕਿਸਾਨ ਗੁਰਜੀਤ ਸਿੰਘ ਗੋਪਾਲੋਂ ਕੋਟਲਾ ਨੇ ਕਿਹਾ ਕਿ ਉਹ ਪਿਛਲੇ 3 ਦਿਨ ਤੋਂ ਫਸਲ ਲੈ ਕੇ ਮੰਡੀ ਵਿਚ ਬੈਠਾ ਹੈ ਪਰ ਉਸ ਦੀ ਫ਼ਸਲ ਦੀ ਖਰੀਦ ਨਹੀਂ ਹੋਈ।

ਇਸ ਮੌਕੇ ਸਤਨਾਮ ਸਿੰਘ ਖਰੌੜਾ, ਪ੍ਰਭਜੋਤ ਸੰਗਤਪੁਰਾ, ਸਰਬਜੀਤ ਸਿੰਘ ਸਿੱਧਵਾਂ, ਅਮਰੀਕ ਸਿੰਘ ਬਾਲਪੁਰ, ਹਰਪਾਲ ਸਿੰਘ ਖਰੌੜੀ, ਰਣਜੀਤ ਸਿੰਘ ਮੱਠੀ, ਹਰਮੇਸ਼ ਸਿੰਘ ਛੰਨਾ, ਹਰਮਿੰਦਰ ਸਿੰਘ ਨੰਬਰਦਾਰ ਬਧੌਛੀ ਕਲਾ, ਸਿੰਕਦਰ ਸਿੰਘ ਜਖਵਾਲੀ, ਸਤੀਸ਼ ਲਟੌਰ, ਦਰਸ਼ਨ ਸਿੰਘ ਲਟੌਰ, ਮਦਨ ਗੋਪਾਲ ਰਿਉਣਾ, ਦਵਦਿੰਰ ਸਿੰਘ ਕਿਸਾਨ ਨੇਤਾ ਰੁੜਕੀ, ਗੁਰਦੀਪ ਸਿੰਘ ਨਿਢਆਲੀ, ਹਰਚਰਨ ਸਿੰਘ ਸੂਬੇਦਾਰ, ਨਰਿੰਦਰ ਸਿੰਘ ਸਰਹਿੰਦ, ਗੁਰਪ੍ਰਰੀਤ ਦਿਓਲ, ਬਲਵਿੰਦਰ ਸਿੰਘ, ਭਿੰਦਰ ਸਿੰਘ, ਚਰਨ ਸਿੰਘ ਬੀੜਮਾਨ, ਪਰਮਜੀਤ ਸਿੰਘ ਰੰਧਾਵਾ ਮੌਜੂਦ ਸਨ।

-----------

ਕਿਸਾਨਾਂ ਨੰੂ ਕੋਈ ਮੁਸ਼ਕਲ ਨਹੀਂ ਆਉਣ ਦੇਵਾਂਗੇ : ਚੇਅਰਮੈਨ ਬੌਬੀ

ਇਸ ਸਬੰਧੀ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ ਨਾਲ ਗੱਲ ਕਰਨ 'ਤੇ ਉਨ੍ਹਾਂ ਸਾਰੇ ਦੋਸ਼ਾਂ ਨੰੂ ਨਕਾਰਦੇ ਹੋਏ ਕਿਹਾ ਕਿ ਅਨਾਜ ਮੰਡੀ ਵਿਚ ਪੂਰੇ ਪ੍ਰਬੰਧ ਹਨ। ਪੀਣ ਵਾਲੇ ਪਾਣੀ ਲਈ ਸਰਕਾਰੀ ਟੂਟੀਆਂ ਲੱਗੀਆਂ ਹਨ, ਫਿਰ ਵੀ ਹਰੇਕ ਚੌਰਾਹੇ ਵਿਚ ਪੀਣ ਵਾਲੇ ਪਾਣੀ ਦੇ ਵੱਖ ਤੋਂ ਪ੍ਰਬੰਧ ਕੀਤੇ ਗਏ ਹਨ। ਅਨਾਜ ਮੰਡੀ ਨੰੂ ਸੈਨੇਟਾਈਜ਼ ਕੀਤਾ ਜਾ ਰਿਹਾ ਹੈ, ਹੱਥ ਧੋਣ ਲਈ ਵੱਖ ਤੋਂ ਪਾਣੀ ਅਤੇ ਸਾਬਣ ਦੇ ਪ੍ਰਬੰਧ ਅਨਾਜ ਮੰਡੀ ਵਿਚ ਥਾਂ-ਥਾਂ 'ਤੇ ਕੀਤੇ ਗਏ ਹਨ। ਮਾਰਕਫੱੈਡ ਕੋਲ ਕੁਝ ਬਾਰਦਾਨੇ ਦੀ ਘਾਟ ਹੈ ਉਹ ਵੀ ਛੇਤੀ ਹੀ ਪੂਰੀ ਕਰ ਲਈ ਜਾਵੇਗੀ। ਜੇਕਰ ਕਿਸੇ ਵੀ ਕਿਸਾਨ ਜਾਂ ਮਜ਼ਦੂਰ ਨੰੂ ਪਰੇਸ਼ਾਨੀ ਹੋਵੇ ਤਾਂ ਉਹ ਸੰਪਰਕ ਕਰ ਸਕਦਾ ਹੈ, ਉਸਦਾ ਮਸਲਾ ਹੱਲ ਕਰਵਾਇਆ ਜਾਵੇਗਾ। ਫਸਲ ਦੀ ਖਰੀਦ ਵੀ 24 ਘੰਟੇ ਵਿਚ ਕੀਤੀ ਜਾ ਰਹੀ ਹੈ। ਇਸ ਲਈ ਉਹ ਮਾਰਕੀਟ ਕਮੇਟੀ ਦਫਤਰ ਵਿਚ ਹਰ ਸਮੇਂ ਹਾਜ਼ਰ ਰਹਿੰਦੇ ਹਨ।