ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਅਨਾਜ ਮੰਡੀ ਸਰਹਿੰਦ ਵਿਖੇ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਦਿੱਲੀ-ਅੰਮਿ੍ਤਸਰ ਮਾਰਗ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਨਿਰਮਲ ਸਿੰਘ ਰਿਊਣਾ, ਕੁਲਵਿੰਦਰ ਸਿੰਘ, ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ, ਤਰਲੋਕ ਸਿੰਘ ਬਾਜਵਾ, ਸਰਬਜੀਤ ਸਿੰਘ ਝਿੰਜਰ ਤੇ ਗੁਰਦੀਪ ਸਿੰਘ ਆਦਿ ਨੇ ਕਿਹਾ ਕਿ ਅਨਾਜ ਮੰਡੀਆਂ 'ਚ ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਦੀ ਫ਼ਸਲ ਖੁੱਲ੍ਹੇ ਅਸਮਾਨ ਹੇਠ ਖ਼ਰਾਬ ਹੋ ਰਹੀ ਹੈ।

ਬਾਰਦਾਨੇ ਦੀ ਘਾਟ ਕਾਰਨ ਭਰਾਈ ਤੇ ਤੋਲਾਈ ਨਾ ਹੋਣ ਕਾਰਨ ਮੰਡੀ ਵਿਚ ਟਰੈਕਟਰ-ਟਰਾਲੀਆਂ ਦਾ ਜਾਮ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਮੰਡੀਆਂ 'ਚ ਕਿਸਾਨਾਂ ਨੂੰ ਰੋਲ ਰਹੀ ਤਾਂ ਜੋ ਕਿਸਾਨਾਂ ਦਾ ਧਿਆਨ ਦਿੱਲੀ ਅੰਦੋਲਨ ਵੱਲ ਨਾ ਜਾਵੇ ਤੇ ਅੰਦੋਲਨ ਤਾਰਪੀਡੋ ਹੋ ਸਕੇ।

ਮੰਡੀ ਪ੍ਰਧਾਨ ਭੁਪਿੰਦਰ ਸਿੰਘ ਨੰਬਰਦਾਰ ਤੇ ਸਾਧੂ ਰਾਮ ਭੱਟਮਾਜਰਾ ਨੇ ਕਿਹਾ ਕਿ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਮੰਡੀਆਂ 'ਚ ਖੱਜਲ-ਖੁਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਕਿਸਾਨੀ ਨੂੰ ਖਤਮ ਕਰਨ ਲੱਗੀ ਹੋਈ ਹੈ। ਇਸ ਮੌਕੇ ਹਰਨੇਕ ਸਿੰਘ ਭੱਲਮਾਜਰਾ, ਦਵਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਚਮਕੌਰ ਸਿੰਘ, ਗੁਰਦੀਪ ਸਿੰਘ ਆਦਿ ਮੌਜੂਦ ਸਨ।