ਪੱਤਰ ਪੇ੍ਰਕ,ਫ਼ਤਹਿਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਬਰੌਂਗਾ ਜ਼ੇਰ ਦਾ ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਜਿਸ ਕੋਲ ਆਪਣੀ 5 ਏਕੜ ਜ਼ਮੀਨ ਹੈ ਅਤੇ 15 ਏਕੜ ਜ਼ਮੀਨ ਉਸ ਨੇ ਠੇਕੇ 'ਤੇ ਲਈ ਹੋਈ ਹੈ ਅਤੇ ਪਿਛਲੇ 12 ਸਾਲ ਤੋਂ ਇਸ ਕਿਸਾਨ ਨੇ ਆਪਣੇ ਖੇਤ ਵਿਚ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਈ। ਇਹ ਕਿਸਾਨ ਪੋਸਟ ਗਰੈਜੂਏਟ ਹੈ ਅਤੇ ਇਸ ਨੇ ਕੋਅਪਰੇਟਿਵ ਮੈਨੇਜਮੈਂਟ ਦਾ ਹਾਇਰ ਡਿਪਲੋਮਾ ਕੀਤਾ ਹੋਇਆ ਹੈ। ਇਹ ਕਿਸਾਨ ਸਾਲ 2008 ਤੋਂ ਲਗਾਤਾਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ ਅਤੇ 2008 ਤੋਂ ਹੀ ਉਸ ਨੇ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣੀ ਬੰਦ ਕਰ ਦਿੱਤੀ ਸੀ। ਜਿਸ ਕਾਰਨ ਉਸ ਦੀ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੋਇਆ ਹੈ ਉਥੇ ਹੀ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਵੀ ਬਚਾਇਆ ਗਿਆ ਹੈ। ਇਹ ਕਿਸਾਨ ਕਣਕ, ਝੋਨਾ, ਆਲੂ ਅਤੇ ਸੂਰਜਮੁਖੀ ਦੀ ਬਿਜਾਈ ਕਰਦਾ ਹੈ। ਇਸ ਕਿਸਾਨ ਨੇ ਪਿਛਲੇ ਸਾਲ 350 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਉਸ 'ਚੋਂ 150 ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਅਤੇ 200 ਏਕੜ ਰਕਬੇ 'ਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਵਾਤਾਵਰਣ ਪ੍ਰਦੂਸ਼ਣ ਨੂੰ ਘੱਟ ਕਰਨ 'ਚ ਅਹਿਮ ਭੂਮਿਕਾ ਨਿਭਾਈ ਹੈ। ਇਹ ਕਿਸਾਨ (ਐੱਸਅੱੈਮਅੱੈਸ) ਸਿਸਟਮ ਰਾਹੀਂ ਪਰਾਲੀ ਨੂੰ ਖੇਤਾਂ ਵਿਚ ਇਕਸਾਰ ਖਿਲਾਰ ਦਿੰਦਾ ਹੈ। ਇਸ ਤਕਨੀਕ ਨਾਲ ਕਣਕ ਵਿੱਚ ਨਦੀਨ ਘੱਟ ਜੰਮਦੇ ਹਨ, ਜਿਸ ਕਰਕੇ ਨਦੀਨ ਨਾਸ਼ਕਾਂ 'ਤੇ ਲਾਗਤ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਕਿਸਾਨ ਨੇ ਸਾਲ 2006 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਖੁੰਭਾਂ ਦੀ ਕਾਸ਼ਤ ਸਬੰਧੀ ਅਤੇ ਸਾਲ 2009 ਵਿੱਚ ਕੇਂਦਰੀ ਬਾਗਬਾਨੀ ਸੰਸਥਾ, ਲਖਨਊ ਤੋਂ ਫਲਾਂ ਦੀ ਸੰਭਾਲ ਬਾਰੇ ਟ੍ਰੇਨਿੰਗ ਲਈ ਹੋਈ। ਸਾਲ 2013 ਵਿਚ ਡਬਲਿੰਗ ਫੂਡ ਪ੍ਰਰੋਡਕਸ਼ਨ ਵਿਸ਼ੇ ਤੇ ਨਵੀਂ ਦਿੱਲੀ ਵਿਖੇ ਹੋਈ ਇੰਟਰਨੈਸ਼ਨਲ ਕਾਨਫਰੰਸ ਵਿਚ ਪਲਵਿੰਦਰ ਸਿੰਘ ਨੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਸਾਲ 2013 ਵਿਚ ਹੀ ਬ੍ਸਲਜ (ਬੈਲਜੀਅਮ) ਵਿਖੇ ਬਾਇਓ-ਰੀਫਾਈਨਿੰਗ ਤਕਨੀਕ ਬਾਰੇ ਹੋਈ ਵਰਕਸ਼ਾਪ ਵਿਚ ਭਾਗ ਲਿਆ। ਇਸ ਕਿਸਾਨ ਨੂੰ ਸਾਲ 2014 ਵਿਚ ਚੌਥੇ ਜੱਟ ਐਕਸਪੋ ਵਿਚ ਵਿਸ਼ੇਸ਼ ਸਨਮਾਨ ਦਿੱਤਾ ਗਿਆ ਅਤੇ ਸਾਲ 2015 ਵਿੱਚ ਹੈਦਰਾਬਾਦ ਵਿਖੇ ਆਈਆਰਆਰਆਈ ਵੱਲੋਂ ਇਨੋਵੇਟਿਵ ਰਾਈਸ ਫਾਰਮਰ ਅਵਾਰਡ ਨਾਲ ਨਿਵਾਜਿਆ ਗਿਆ।