ਪੱਤਰ ਪ੍ਰੇਰਕ, ਫ਼ਤਹਿਗੜ੍ਹ ਸਾਹਿਬ : ਮੂਲੇਪੁਰ ਪੁਲਿਸ ਨੇ ਮੁੂਲੇਪੁਰ ਸਾਂਝ ਕੇਂਦਰ 'ਚ ਤਾਇਨਾਤ ਏਐੱਸਆਈ ਨਾਲ ਮਿਲ ਕੇ ਗ਼ਲਤ ਪਤੇ 'ਤੇ ਦੂਜਾ ਪਾਸਪੋਰਟ ਬਣਾ ਕੇ ਅਮਰੀਕਾ ਜਾਣ ਵਾਲੀ ਔਰਤ ਦੇ ਪਿਤਾ ਅਮਰੀਕ ਸਿੰਘ ਵਾਸੀ ਬਾਦਸ਼ਾਹਪੁਰ (ਸੰਗਰੂਰ) ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮਨਜੀਤ ਕੌਰ ਵਾਸੀ ਛਲੇੜੀ ਕਲਾਂ ਨੇ ਦੱਸਿਆ ਕਿ ਅਮਨਦੀਪ ਕੌਰ ਦਾ ਵਿਆਹ 21 ਜਨਵਰੀ 2014 'ਚ ਉਸ ਦੇ ਭਰਾ ਜਸਵਿੰਦਰ ਸਿੰਘ ਨਾਲ ਹੋਇਆ ਸੀ, ਜਿਸ ਤੋਂ ਬਾਅਦ ਜਸਵਿੰਦਰ ਸਿੰਘ ਆਪਣੀ ਪਤਨੀ ਨੂੰ 2015 'ਚ ਅਮਰੀਕਾ ਲੈ ਗਿਆ ਸੀ। ਉਥੇ ਦੋਵਾਂ ਵਿਚਲੇ ਝਗੜਾ ਰਹਿੰਦਾ ਸੀ। ਇਸ ਕਰਕੇ ਕੈਲੇਫੋਰਨੀਆ ਦੀ ਅਦਾਲਤ 'ਚ ਦੋਵਾਂ ਦਾ ਤਲਾਕ ਹੋ ਗਿਆ ਸੀ। ਤਲਾਕ ਹੋਣ ਉਪਰੰਤ ਭਾਰਤ ਆਉਣ 'ਤੇ ਅਮਨਦੀਪ ਦਾ ਉਸ ਦੇ ਸਹੁਰਿਆਂ ਦੇ ਪਤੇ ਵਾਲਾ ਪਾਸਪੋਰਟ ਵਿਭਾਗ ਨੇ ਜ਼ਬਤ ਕਰ ਲਿਆ ਸੀ ਪਰ ਅਮਨਦੀਪ ਨੇ ਦੁਬਾਰਾ ਪਾਸਪੋਰਟ ਅਪਲਾਈ ਕਰਕੇ ਸਾਂਝ ਕੇਂਦਰ ਮੂਲੇਪੁਰ ਵਿਖੇ ਤਾਇਨਾਤ ਏਐੱਸਆਈ ਪ੍ਰੇਮ ਚੰਦ, ਭਜਨ ਸਿੰਘ ਅਤੇ ਮੁਲਕ ਰਾਜ ਵਾਸੀ ਛਲੇੜੀ ਕਲਾਂ ਨਾਲ ਮਿਲ ਕੇ ਆਪਣੇ ਪਹਿਲੇ ਸਹੁਰਿਆਂ ਵਾਲੇ ਪਤੇ 'ਤੇ ਪਾਸਪੋਰਟ ਬਣਾ ਲਿਆ ਸੀ, ਜਦਕਿ ਉਸ ਦਾ ਆਪਣੇ ਸਹੁਰੇ ਪਰਿਵਾਰ ਨਾਲ ਤੋੜ ਵਿਛੋੜਾ ਹੋ ਚੁੱਕਾ ਹੈ।

ਪੁਲਿਸ ਨੇ ਪਾਸਪੋਰਟ 'ਤੇ ਪਿੰਡ ਦੇ ਕਿਸੇ ਪੰਚ ਸਰਪੰਚ ਦੀ ਵੈਰੀਫੀਕੇਸ਼ਨ ਨਹੀਂ ਕਰਵਾਈ, ਸਗੋਂ ਭਜਨ ਸਿੰਘ ਅਤੇ ਮੁਲਕ ਰਾਜ ਦੀ ਗਵਾਹੀ ਪਵਾਈ ਗਈ ਤੇ ਅਮਨਦੀਪ ਅੱਜ ਕੱਲ੍ਹ ਇਸ ਪਾਸਪੋਰਟ 'ਤੇ ਅਮਰੀਕਾ ਰਹਿ ਰਹੀ ਹੈ। ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਮਨਦੀਪ ਦੇ ਪਿਤਾ ਨੂੰ ਗਿ੍ਫ਼ਤਾਰ ਕਰ ਲਿਆ, ਜਦਕਿ ਬਾਕੀ ਅਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।