ਜੇਐੱਨਐੱਨ, ਫਤਹਿਗੜ੍ਹ ਸਾਹਿਬ : ਤਹਿਸੀਲ ਗਾਰਦ ’ਚ ਤਾਇਨਾਤ ਹੌਲਦਾਰ ਪ੍ਰਿਤਪਾਲ ਸਿੰਘ ਵੱਲੋਂ ਰੇਹੜੀ ਤੋਂ ਆਂਡੇ ਚੋਰੀ ਕਰਨ ਦੇ ਮਾਮਲੇ ’ਚ ਪੰਜਾਬ ਪੁਲਿਸ ਦੀ ਸਾਖ਼ ਖ਼ਰਾਬ ਹੋਈ ਹੈ। ਜੰਗਲ ’ਚ ਅੱਗ ਵਾਂਗ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਵੀਡੀਓ ਦਾ ਡੀਜੀਪੀ ਦਿਨਕਰ ਗੁਪਤਾ ਨੇ ਸਖ਼ਤ ਨੋਟਿਸ ਲਿਆ ਹੈ। ਇਸੇ ਦੌਰਾਨ ਪੁਲਿਸ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਜਿਸ 'ਤੇ SUSPENDED ਲਿਖਿਆ ਹੈ। ਡੀਜੀਪੀ ਨੇ ਇਸ ਮਾਮਲੇ ’ਚ ਹੌਲਦਾਰ ’ਤੇ ਹੋਈ ਕਾਰਵਾਈ ਤੇ ਵਿਭਾਗੀ ਜਾਂਚ ਦੀ ਐਕਸ਼ਨ ਰਿਪੋਰਟ ਮੰਗੀ ਹੈ।

ਐੱਸਐੱਸਪੀ ਅਮਨੀਤ ਕੌਂਡਲ ਨੇ ਵੀ ਹੌਲਦਾਰ ਨੂੰ ਸਸਪੈਂਡ ਕਰਨ ਦੇ ਨਾਲ ਹੀ ਵਿਭਾਗੀ ਜਾਂਚ ਬਿਠਾ ਦਿੱਤੀ ਹੈ। ਜਿਸ ਦਾ ਜਿੰਮਾ ਡੀਐੱਸਪੀ (ਹੈੱਡਕੁਆਰਟਰ) ਪ੍ਰਿਥੀ ਸਿੰਘ ਚਾਹਲ ਨੂੰ ਸੌਂਪਿਆ ਗਿਆ। ਉੱਧਰ ਇਸ ਵਾਇਰਲ ਵੀਡੀਓ ਨੂੰ ਲੈ ਕੇ ਸ਼ੁੱਕਰਵਾਰ ਨੂੰ ਵੀ ਪੰਜਾਬ ਪੁਲਿਸ ’ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਜਾਰੀ ਰਹੀਆਂ। ਇਥੋਂ ਤਕ ਕਿ ਆਂਡੇ ਚੋਰੀ ਕਰਨ ਦੇ ਮਾਮਲੇ ’ਚ ਗੀਤ ਤਕ ਬਣਾ ਦਿੱਤਾ ਗਿਆ ਹੈ। ਇਸ ਗੀਤ ਦਾ ਸਿਰਲੇਖ ‘ਵਰਦੀ ਦੇ ਨਾਲ ਧੋਖਾ ਨੀ ਕਮਾਈ ਦਾ...’ ਸੀ। ਇਹ ਗੀਤ ਵੀ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਮਾਮਲੇ ’ਚ ਐੱਸਐੱਸਪੀ ਤੋਂ ਲੈ ਕੇ ਡੀਜੀਪੀ ਪੱਧਰ ਦੇ ਅਧਿਕਾਰੀਆਂ ਦਾ ਰਵੱਈਆ ਏਨਾ ਸਖਤ ਹੈ ਕਿ ਇਕ ਵਾਰ ਤਾਂ ਹੌਲਦਾਰ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰਨ ਦੀ ਨੌਬਤ ਆ ਗਈ ਸੀ, ਪਰ ਆਂਡੇ ਸਪਲਾਈ ਕਰਨ ਵਾਲਾ ਵਿਅਕਤੀ ਡਰ ਕਾਰਨ ਸ਼ਿਕਾਇਤ ਕਰਨ ਤੋਂ ਪਿੱਛੇ ਹਟ ਗਿਆ। ਇਸ ਕਾਰਨ ਹੌਲਦਾਰ ਜੇਲ੍ਹ ਜਾਣ ਤੋਂ ਬਚ ਗਿਆ।

Posted By: Seema Anand